ਹੇਤਮਪੁਰ ਰੇਲਵੇ ਸਟੇਸ਼ਨ ਨੇੜੇ ਚੱਲਦੀ ਟਰੇਨ ਨੂੰ ਲੱਗੀ ਅੱਗ, ਚਾਰ ਡੱਬੇ ਸੜ ਕੇ ਸੁਆਹ

ਮੱਧ ਪ੍ਰਦੇਸ਼ ਦੇ ਮੁਰੈਨਾ ਨੇੜੇ ਹੇਤਮਪੁਰ ਸਟੇਸ਼ਨ ਨੇੜੇ ਰੇਲਗੱਡੀ ਨੰਬਰ 20848 ਊਧਮਪੁਰ-ਦੁਰਗ ਐਕਸਪ੍ਰੈਸ ਦੇ ਚਾਰ ਡੱਬਿਆਂ ਵਿੱਚ ਅੱਗ ਲੱਗ ਗਈ। ਟਰੇਨ ਊਧਮਪੁਰ ਤੋਂ ਦੁਰਗ ਜਾ ਰਹੀ ਸੀ। ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ, ਰੇਲਵੇ ਸਮੇਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਘਟਨਾ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਜਾਣਕਾਰੀ ਮੁਤਾਬਿਕ ਜੰਮੂ-ਕਸ਼ਮੀਰ ਦੇ ਊਧਮਪੁਰ ਤੋਂ ਛੱਤੀਸਗੜ੍ਹ ਦੇ ਦੁਰਗ ਜਾ ਰਹੀ ਇਸ ਟਰੇਨ ਦੇ ਏਸੀ ਕੋਚ ਏ1 ਅਤੇ ਏ2 ‘ਚ ਅੱਗ ਲੱਗੀ ਹੈ। ਇਸ ਵਿੱਚ ਵੈਸ਼ਨੋਦੇਵੀ ਤੋਂ ਪਰਤਣ ਵਾਲੇ ਸ਼ਰਧਾਲੂ ਵੀ ਸ਼ਾਮਿਲ ਹਨ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਕਈ ਯਾਤਰੀਆਂ ਨੇ ਰੇਲਗੱਡੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਇਨ੍ਹਾਂ ਵਿੱਚੋਂ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।ਸਾਹਮਣੇ ਆਈਆਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਟਰੇਨ ‘ਚ ਅੱਗ ਲੱਗਣ ਦੀ ਘਟਨਾ ਕਿੰਨੀ ਭਿਆਨਕ ਹੈ। ਫਿਲਹਾਲ ਟਰੇਨ ‘ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।