ਪਿੰਡ ਭਗਵਾਨਗੜ੍ਹ ਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕਸ਼ੀ
ਬਠਿੰਡਾ- ਕਰਜ਼ੇ ਦੇ ਕਾਰਨ ਹਰ ਦਿਨ ਕਿਸਾਨ ਖ਼ੁਦਕੁਸ਼ੀ ਦੀਆਂ ਖ਼ਬਰਾਂ ਆ ਰਹੀਆਂ ਹਨ । ਮੰਦ ਭਾਗੀ ਖ਼ਬਰ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਦੇ ਕਿਸਾਨ ਰਣਜੀਤ ਸਿੰਘ ਉਮਰ ਕਰੀਬ 35 ਸਾਲ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕਸ਼ੀ ਕਰ ਲਈ ਹੈ। ਪਿੰਡ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਕੋਲ ਛੇ ਕਿੱਲੇ ਜ਼ਮੀਨ ਸੀ ਅਤੇ ਉਸ ਨੇ ਆੜ੍ਹਤੀਏ ਤੋਂ ਕਰੀਬ ਚਾਰ ਲੱਖ ਰੁਪਏ ਕਰਜ਼ ਲਿਆ ਸੀ, ਇਸੇ ਕਰਜ਼ ਕਰਕੇ ਆੜ੍ਹਤੀਆ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਤੇ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਹੋਇਆ ਸੀ ਜਿਸ ਦੀ ਤਰੀਕ 11 ਦਸੰਬਰ ਨੂੰ ਸੀ ਇਸੇ ਪ੍ਰੇਸ਼ਾਨੀ ਕਰਕੇ ਰਣਜੀਤ ਸਿੰਘ ਨੇ ਖੁਦਕਸ਼ੀ ਕਰ ਲਈ, ਉਹ ਪੁਲਿਸ ਤੋਂ ਮੰਗ ਕਰਦੇ ਹਨ ਕਿ ਉਕਤ ਆੜਤੀਏ ਖਿਲਾਫ ਪਰਚਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਨ ਕਿ ਮ੍ਰਿਤਕ ਕਿਸਾਨ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਕਰੀਬ ਵੀਹ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹ ਆਤਮ ਹੱਤਿਆਵਾਂ ਪੰਜਾਬ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਪੂਰੀ ਨਾ ਹੋਣ ਕਰਕੇ ਵਾਪਰ ਰਹੀਆਂ ਹਨ ਅਤੇ ਆੜਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ । ਪਿੰਡ ਭਗਵਾਨਗੜ ਵਿਖੇ ਵਾਪਰੀ ਇਸ ਘਟਨਾ ਕਰਕੇ ਸੋਗ ਦੀ ਲਹਿਰ ਹੈ । ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਬੇਸ਼ੱਕ ਸਮੇ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਪੂਰਨ ਕਰਜ਼ ਮਾਫ ਕਰਨ ਦਾ ਵਾਧਾ ਕੀਤਾ ਸੀ | ਲੇਕਿਨ ਅੱਜ ਵੀ ਦੇਸ਼ ਦਾ ਪੇਟ ਭਰਨ ਵਾਲਾ ਕਿਸਾਨ ਕਰਜ਼ੇ ਕਰਕੇ ਮੌਤ ਨੂੰ ਗਲੇ ਲਗਾ ਰਹੇ ਹਨ |