ਫਰੀਦਕੋਟ ਵਿਜੀਲੈਂਸ ਵਿਭਾਗ ਨੇ ਕੀਤਾ ਆਰ.ਟੀ.ਏ. ਸਹਾਇਕ ਤੇ ਕਲਰਕ ਕਾਬੂ

ਫਰੀਦਕੋਟ, 06 ਦਸੰਬਰ 2021- ਪੰਜਾਬ ਦੇ ਫਰੀਦਕੋਟ ਵਿੱਚ ਵਿਜੀਲੈਂਸ ਵਿਭਾਗ ਨੇ ਆਰਟੀਏ ਸਹਾਇਕ ਗੁਰਨਾਮ ਸਿੰਘ ਅਤੇ ਕਲਰਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਭਾਰੀ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਗਲਤ ਤਰੀਕੇ ਨਾਲ ਜਾਰੀ ਕਰਨ ਵਿੱਚ ਸ਼ਾਮਲ ਸਨ। ਫੜੇ ਗਏ ਮੁਲਜ਼ਮ ਮੋਟੀ ਰਕਮ ਲੈ ਕੇ ਬਿਨਾਂ ਲਰਨਿੰਗ ਲਾਇਸੰਸ ਦੇ ਸਿੱਧੇ ਹੀ ਹੈਵੀ ਲਾਇਸੰਸ ਜਾਰੀ ਕਰਦੇ ਸਨ। ਇਸ ਦੇ ਨਾਲ ਹੀ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਤ ਪੈਸੇ ਲੈ ਕੇ ਆਰਸੀ ਜਾਰੀ ਕਰਨ ਦੀ ਧੋਖਾਧੜੀ ਕੀਤੀ ਜਾਂਦੀ ਸੀ। ਦੋਵਾਂ ਨੇ ਜਾਅਲਸਾਜ਼ੀ ਕਰਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਹੈ। ਵਿਜੀਲੈਂਸ ਫਰੀਦਕੋਟ ਦੇ ਡੀਐਸਪੀ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਗੁਰਨਾਮ ਅਤੇ ਅੰਮ੍ਰਿਤਪਾਲ ਮਿਲਕੇ ਵਿਭਾਗ ਵਿੱਚ ਇਹ ਠੱਗੀ ਮਾਰਦੇ ਸਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਨੇ ਰਸਮੀ ਕਾਰਵਾਈਆਂ ਪੂਰੀਆਂ ਕੀਤੇ ਬਿਨਾਂ ਅਤੇ ਬਿਨਾਂ ਕਿਸੇ ਲਰਨਿੰਗ ਲਾਇਸੈਂਸ ਦੇ ਸਿੱਧੇ 183 ਲਾਇਸੈਂਸ ਜਾਰੀ ਕੀਤੇ ਸਨ। ਦੋਵੇਂ ਇਕ-ਇਕ ਲਾਇਸੈਂਸ ਦੇ 25 ਤੋਂ 30 ਹਜ਼ਾਰ ਰੁਪਏ ਲੈਂਦੇ ਸਨ। ਦੋਵਾਂ ਨੇ 57 ਅਜਿਹੇ ਵਾਹਨਾਂ ਦੀਆਂ ਆਰ.ਸੀ ਵੀ ਬਣਾਈਆਂ ਜੋ ਕਿ ਦੂਜੇ ਰਾਜਾਂ ਦੀਆਂ ਸਨ। ਇਸ ਵਿੱਚ ਉਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਨਾਲ ਟੈਕਸ ਵਜੋਂ 1722795 ਰੁਪਏ ਦੀ ਠੱਗੀ ਮਾਰੀ ਹੈ। ਪੰਜਾਬ ਦੇ ਨੰਬਰ ਜਾਰੀ ਕਰਕੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਆਰਸੀ ਦੇਣ ਵੇਲੇ ਵੀ ਕੋਈ ਐਨਓਸੀ ਨਹੀਂ ਲਈ ਗਈ।
ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਬਾਹਰਲੇ ਰਾਜਾਂ ਦੇ ਜਿਨ੍ਹਾਂ ਵਾਹਨਾਂ ਦੀ ਆਰਸੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਾਹਨਾਂ ਵਿੱਚੋਂ ਕੋਈ ਵਾਹਨ ਅਜਿਹੇ ਤਾਂ ਨਹੀਂ ਜੋ ਚੋਰੀ ਹੋ ਗਏ ਸਨ ਅਤੇ ਇੱਥੇ ਆ ਕੇ ਕੋਈ ਹੋਰ ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਗੁਰਨਾਮ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਤਿੰਨ ਸ਼ਿਕਾਇਤਾਂ ਆਈਆਂ ਸਨ ਕਿ ਉਹ ਵਿਭਾਗ ਵਿੱਚ ਜਾਅਲੀ ਢੰਗ ਨਾਲ ਲਾਇਸੈਂਸ ਅਤੇ ਆਰਸੀ ਜਾਰੀ ਕਰਕੇ ਆਪਣੀਆਂ ਜੇਬਾਂ ਭਰ ਰਹੇ ਹਨ। ਜਦੋਂ ਸ਼ਿਕਾਇਤਾਂ ਦੇ ਆਧਾਰ ‘ਤੇ ਜਾਂਚ ਕੀਤੀ ਗਈ ਤਾਂ ਤੱਥ ਸਾਹਮਣੇ ਆਏ। ਦੋਵੇਂ ਫਰਜ਼ੀ ਤਰੀਕੇ ਨਾਲ ਲਾਇਸੈਂਸ ਅਤੇ ਆਰਸੀ ਜਾਰੀ ਕਰਦੇ ਸਨ। 700 ਰੁਪਏ ਲੈ ਕੇ ਨਵੀਂ ਆਰਸੀ ਜਾਰੀ ਕਰਦੇ ਸਨ। ਡੀਐਸਪੀ ਨੇ ਦੱਸਿਆ ਕਿ ਹੋਰ ਵੀ ਕਈ ਮਾਮਲੇ ਸਾਹਮਣੇ ਆਉਣ ਦੀ ਉਮੀਦ ਹੈ। ਬਿਨਾਂ ਐਨਓਸੀ ਲਏ ਰਜਿਸਟਰਡ ਹੋਏ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਉਥੇ ਗੜਬੜ ਵੀ ਹੋ ਸਕਦੀ ਹੈ।