ਪੰਜਾਬ ਪੁਲਿਸ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਮੇਰੇ ਅਤੇ ਮਜੀਠੀਆ ਦੇ ਉੱਪਰ ਪਰਚੇ ਦਰਜ ਕਰਨ-ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਮੇਰੇ ਅਤੇ ਮਜੀਠੀਆ ਦੇ ਉੱਪਰ ਪਰਚੇ ਦਰਜ ਕਰਨ। ਪੁਲਿਸ ਦੇ ਅਧਿਕਾਰੀ ਅਜਿਹਾ ਨਹੀਂ ਕਰ ਰਹੇ ਅਤੇ ਉਹ ਛੁੱਟੀਆਂ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਡਰਾਮੇਬਾਜ਼ੀ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨੇ ਬੰਦ ਕਰੇ।ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਆਉਣ ਉਤੇ ਪ੍ਰਕਾਸ਼ ਸਿੰਘ ਬਾਦਲ ਦੁਆਰਾ ਜੋ ਪਹਿਲਾਂ ਵਾਅਦੇ ਕੀਤੇ ਗਏ ਸੀ, ਉਨ੍ਹਾਂ ਨੂੰ ਪੂਰਾ ਕੀਤਾ ਜਾਏਗਾ ਅਤੇ ਉਹ ਕੰਮ ਵੀ ਪੂਰੇ ਕੀਤੇ ਜਾਣਗੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਅਣਗੌਲਿਆ ਕਰ ਦਿੱਤਾ ਹੈ।
ਪਟਿਆਲਾ ਜ਼ਿਲ੍ਹੇ ਦੇ ਘਨੌਰ ਵਿਚ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਹੋਈ ਅਕਾਲੀ ਦਲ-ਬਸਪਾ ਦੀ ਰੈਲੀ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੰਨੀ ਪੰਜਾਬ ਦਾ ਸਭ ਤੋਂ ਵੱਡਾ ਰੇਤ ਮਾਫੀਆ ਹੈ ਅਤੇ ਕੇਜਰੀਵਾਲ ਸਭ ਤੋਂ ਵੱਡਾ ਝੂਠਾ ਜਿਸ ਨੇ ਦਿੱਲੀ ਵਿਚ ਔਰਤਾਂ ਨੂੰ ਦਸ ਰੁਪਈਏ ਤੱਕ ਨਹੀਂ ਦਿੱਤੇ ਜਦਕਿ ਪੰਜਾਬ ਵਿੱਚ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਨਾ ਆਮ ਆਦਮੀ ਪਾਰਟੀ ਨੇ, ਨਾ ਬੀਜੇਪੀ ਅਤੇ ਨਾ ਹੀ ਕਾਂਗਰਸ ਨੇ ਕੁਝ ਕਰਨਾ ਹੈ ਅਤੇ ਪੰਜਾਬੀਆਂ ਦੀ ਪਾਰਟੀ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ, ਜਿਹੜੀ ਉਨ੍ਹਾਂ ਦੇ ਭਲੇ ਵਾਸਤੇ ਸੋਚ ਸਕਦੀ ਹੈ।
ਉਨ੍ਹਾਂ ਕਿਹਾ ਕਿ ਪਰਾਲੀ ਜਲਾਉਣ ਦੇ ਮਾਮਲੇ ਵਿੱਚ ਵੀ ਦਿੱਲੀ ਵਿੱਚ ਕਿਸਾਨਾਂ ਉੱਪਰ ਪਰਚੇ ਦਰਜ ਕੀਤੇ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਮਹੀਨੇ ਵਿੱਚ ਹੀ ਛੱਬੀ ਹਜ਼ਾਰ ਕਰੋੜ ਦੇ ਐਲਾਨ ਕਰ ਦਿੱਤੇ ਪਰ ਉਨ੍ਹਾਂ ਨੂੰ ਇਹ ਪੁੱਛੋ ਕਿ ਇਹਨਾਂ ਨੂੰ ਪੂਰੇ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਵਿੱਚ ਦੋ ਚੀਜ਼ਾਂ ਉਪਰ ਫੋਕਸ ਕੀਤਾ ਹੈ ਜਿਨ੍ਹਾਂ ਵਿਚ ਪਹਿਲੀ ਪੜ੍ਹਾਈ ਅਤੇ ਦੂਜਾ ਸਿਹਤ ਅਤੇ ਹਸਪਤਾਲਾਂ ਵਿੱਚ ਚੰਗੀਆਂ ਸਿਹਤ ਸਹੂਲਤਾਂ।