ਕਾਂਗਰਸ ਵੱਲੋਂ 60 ਉਮੀਦਵਾਰਾਂ ਦੀ ਸੂਚੀ ਫਾਈਨਲ, ਵਿਧਾਇਕਾਂ ਦੇ ਦਿਲਾਂ ਦੀ ਵਧੀ ਧੜਕਣ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਡੀਜੀਪੀ ਅਤੇ ਏਜੀ ਨੂੰ ਬਦਲਣ ਦੀਆਂ ਆਪਣੀਆਂ ਦੋ ਮੁੱਖ ਮੰਗਾਂ ਨੂੰ ਮਨਵਾਉਣ ਤੋਂ ਬਾਅਦ ਚੰਡੀਗੜ੍ਹ ਵਿਖੇ ਅਜੇ ਮਾਕਨ ਦੀ ਅਗਵਾਈ ਵਾਲੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੌਰਾਨ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਅਤੇ ਮੰਤਰੀਆਂ ਨਾਲ ਗੱਲਬਾਤ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦਸੰਬਰ ਦੇ ਅਖੀਰ ਤੱਕ ਘੱਟੋ-ਘੱਟ 60 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੀ ਹੈ। ਅਜਿਹੇ ਵਿਚ ਸੀਟਿੰਗ ਵਿਧਾਇਕਾਂ ਦੇ ਦਿਲਾਂ ਦੀ ਧੜਕਣ ਵੱਧ ਗਈ ਹੈ। ਹਾਲਾਂਕਿ ਪਹਿਲੀ ਸੂਚੀ ਵਿਚ ਜ਼ਿਆਦਾਤਰ ਸੀਟਿੰਗ ਵਿਧਾਇਕਾਂ ਦੇ ਨਾਂ ਹੋ ਸਕਦੇ ਹਨ ਪਰ ਕਈਆਂ ਨੂੰ ਝਟਕਾ ਲੱਗਣ ਵਾਲਾ ਹੈ। ਉਪ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਤਰੀਆਂ ਬ੍ਰਹਮ ਮਹਿੰਦਰਾ, ਸੁਖਬਿੰਦਰ ਸਰਕਾਰੀਆ, ਅਰੁਣਾ ਚੌਧਰੀ ਅਤੇ ਓਪੀ ਸੋਨੀ ਨਾਲ ਕਾਂਗਰਸ ਭਵਨ ਵਿਖੇ ਮਾਕਨ ਨਾਲ ਮੁਲਾਕਾਤ ਕੀਤੀ। ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਐਚ.ਐਸ.ਹੰਸਪਾਲ ਤੋਂ ਇਲਾਵਾ ਲਾਲ ਸਿੰਘ, ਰਜਿੰਦਰ ਕੌਰ ਭੱਠਲ ਤੇ ਹੋਰ ਆਗੂਆਂ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮਾਕਨ 19 ਦਸੰਬਰ ਤੱਕ ਪਾਰਟੀ ਆਗੂਆਂ ਨਾਲ ਮੁਲਾਕਾਤ ਕਰਨਗੇ।