CM ਚੰਨੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ ਹੋ ਸਕਦਾ ਹੈ ਕਿ ਚੋਣਾਂ ਦੀ ਵਜ੍ਹਾ ਨਾਲ ਕੋਈ ਗਲਤ ਤਾਕਤਾਂ ਗਲਤ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀਆਂ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਚ ਹੋਈ ਘਟਨਾ ਕਾਰਨ ਉਨ੍ਹਾਂ ਦਾ ਮਨ ਕਾਫੀ ਭਰਿਆ ਹੋਇਆ ਹੈ। ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਜਿੰਨੇ ਵੀ ਧਾਰਮਿਕ ਸਥਾਨ ਹਨ, ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਵੇ। ਹੋ ਸਕਦਾ ਹੈ ਕਿ ਚੋਣਾਂ ਦੀ ਵਜ੍ਹਾ ਨਾਲ ਕੋਈ ਗਲਤ ਤਾਕਤਾਂ ਗਲਤ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੂੰ ਬੇਨਕਾਬ ਵੀ ਕੀਤਾ ਜਾਵੇਗਾ। ਸਾਡੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ । ਸੀ. ਐੱਮ. ਚੰਨੀ ਨੇ ਕਿਹਾ ਕਿ ਜੇਕਰ ਗਲਤ ਸੋਚ ਨਾਲ ਕੋਈ ਵਿਅਕਤੀ ਪੰਜਾਬ ਵਿਚ ਆਇਆ ਹੈ ਤਾਂ ਪੰਜਾਬ ਦੀਆਂ ਜਾਂਚ ਏਜੰਸੀਆਂ ਉਸ ‘ਤੇ ਨਕੇਲ ਕੱਸਣ ਦੀ ਪੂਰੀ ਕੋਸ਼ਿਸ਼ ਕਰਨਗੀਆਂ। ਇਸ ਪੂਰੀ ਘਟਨਾ ਦੀ ਤਹਿ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਸੀ. ਐੱਮ. ਚੰਨੀ ਨੇ ਕਪੂਰਥਲਾ ਵਿਚ ਮਰੇ ਵਿਅਕਤੀ ਦੇ ਸੂਬੇ ਵਿਚ 20 ਲੋਕਾਂ ਦੇ ਮਾਹੌਲ ਖਰਾਬ ਕਰਨ ਸਬੰਧੀ ਦਾਅਵੇ ‘ਤੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਗੌਰਤਲਬ ਹੈ ਕਿ CM ਚੰਨੀ ਸ਼ਾਮ ਲਗਭਗ 5.15 ਵਜੇ ਅੰਮ੍ਰਿਤਸਰ ਪੁੱਜੇ। ਮੁੱਖ ਮੰਤਰੀ ਪੱਟੀ ਤੋਂ ਸਿੱਧੇ ਸ੍ਰੀ ਦਰਬਾਰ ਸਾਹਿਬ ਪੁੱਜੇ।ਉਨ੍ਹਾਂ ਨੇ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਹਾਲਾਂਕਿ ਮੁੱਖ ਮੰਤਰੀ ਚੰਨੀ ਨੇ ਇਸ ਤੋਂ ਪਹਿਲੇ ਦਿਨ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਤੇ ਕਪੂਰਥਲਾ ਦੇ ਗੁਰਦੁਆਰੇ ਦੀ ਘਟਨਾ ਦੇ ਮਾਮਲੇ ਵਿਚ ਚੁੱਪੀ ਸਾਧੀ ਰਹੀ। CM ਚੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਉਤੇ ਕੁਝ ਵੀ ਬੋਲਣ ਤੋਂ ਬਚਦੇ ਰਹੇ। ਦੂਜੇ ਪਾਸੇ ਐਤਵਾਰ ਨੂੰ ਵਿਧਾਇਕ ਕੁਲਬੀਰ ਜੀਰਾ ਦੇ ਸਮਰਥਨ ਵਿਚ ਜਨ ਸਭਾ ਨੂੰ ਸੰਬੋਧਨ ਕਰਨ ਫਿਰੋਜ਼ਪੁਰ ਪੁੱਜੇ ਚੰਨੀ ਨੇ ਮੰਚ ‘ਤੇ ਬੇਅਦਬੀ ਮੁੱਦੇ ‘ਤੇ ਨਾ ਤਾਂ ਚਰਚਾ ਕੀਤੀ ਤੇ ਨਾ ਹੀ ਮੀਡੀਆ ਦੇ ਸਵਾਲ ਦਾ ਜਵਾਬ ਦਿੱਤਾ।