ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੇਂਦਰੀ ਖੁਫੀਆ ਏਜੰਸੀ IB ਨੇ ਜਾਰੀ ਕੀਤਾ ਅਹਿਮ ਅਲਰਟ

ਕੇਂਦਰੀ ਖੁਫੀਆ ਏਜੰਸੀ IB ਨੇ ਇੱਕ ਅਹਿਮ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਅਲਟਰ ਜਾਰੀ ਕੀਤਾ ਗਿਆ ਹੈ। ਪੰਜਾਬ ਨਾਲ ਜੁੜੇ ਇਸ ਮੁੱਦੇ ਤੋਂ ਬਾਅਦ ਰਾਜਧਾਨੀ ਦਿੱਲੀ ਸਮੇਤ NCR ‘ਚ ਸਥਿਤ ਕਈ ਧਾਰਮਿਕ ਸਥਾਨ ਕੁਝ ਸਮਾਜ ਵਿਰੋਧੀ ਅਨਸਰਾਂ/ਅੱਤਵਾਦੀਆਂ ਦੇ ਰਾਡਾਰ ‘ਤੇ ਹਨ। ਦਿੱਲੀ ਦੇ ਸਪੈਸ਼ਲ ਸੈੱਲ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਅਲਰਟ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਅਤੇ ਕਪੂਰਥਲਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਧਰਮ ਅਸਥਾਨਾਂ ਦੇ ਆਲੇ ਦੁਆਲੇ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਵਲੋਂ ਧਰਮ ਅਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਸੀਸੀਟੀਵੀ ਕੈਮਰੇ ਲਗਵਾਉਣ ਤੇ ਬੰਦ ਪਏ ਕੈਮਰੇ ਚਾਲੂ ਕਰਾਉਣ ਲਈ ਆਖਿਆ ਗਿਆ ਹੈ ਤਾਂ ਜੋ ਭਵਿੱਖ ਵਿਚ ਬੇਅਦਬੀ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਇਸ ਸਬੰਧ ਵਿੱਚ ਆਈਜੀ ਬਾਰਡਰ ਰੇਂਜ ਵਲੋਂ ਬਾਰਡਰ ਰੇਂਜ ਦੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਲੋੜੀਂਦੀ ਕਾਰਵਾਈ ਲਈ ਆਖਿਆ ਗਿਆ ਹੈ।ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲਿਸ ਨੂੰ ਗਸ਼ਤ ਤੇ ਚੌਕਸੀ ਦੋਵੇਂ ਵਧਾਉਣ ਲਈ ਆਖਿਆ ਹੈ। ਥਾਣੇ ਦੇ ਐੱਸਐੱਚਓ ਨੂੰ ਆਖਿਆ ਕਿ ਧਰਮ ਅਸਥਾਨ ਦੇ ਪ੍ਰਬੰਧਕਾਂ ਨਾਲ ਮਿਲਣ ਤੇ ਉਨ੍ਹਾਂ ਨੂੰ ਸੁਰਖਿਆ ਪ੍ਰਬੰਧ ਮਜਬੂਤ ਕਰਨ ਲਈ ਕਹਿਣ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵੀ ਅੱਜ ਸਾਰਾ ਦਿਨ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਰਿਹਾ।