ਗੁਜਰਾਤ ਦੇ ਤੱਟ ‘ਤੇ ਭਾਰਤੀ ਜਲ ਖੇਤਰ ‘ਚ 77 ਕਿਲੋਗ੍ਰਾਮ ਹੈਰੋਇਨ ਬਰਾਮਦ 6 ਮੈਂਬਰ ਗ੍ਰਿਫਤਾਰ

ਗੁਜਰਾਤ ਦੇ ਤੱਟ ‘ਤੇ ਭਾਰਤੀ ਜਲ ਖੇਤਰ ‘ਚ 400 ਕਰੋੜ ਰੁਪਏ ਦੀ ਕੀਮਤ ਦੀ 77 ਕਿਲੋਗ੍ਰਾਮ ਹੈਰੋਇਨ ਸਮੇਤ ਚਾਲਕ ਦਲ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਨੂੰ ਬਰਾਮਦ ਕੀਤਾ ਗਿਆ ਹੈ। ਗੁਜਰਾਤ ਦੇ ਰੱਖਿਆ ਪੀ ਆਰ ਓ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਜਿਸ ਵਿੱਚ ਦੱਸਿਆ ਕਿ ਐਤਵਾਰ ਰਾਤ ਨੂੰ ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਐਂਟੀ-ਟੈਰਰਿਸਟ ਸਕੁਐਡ ਦੀ ਸਾਂਝੀ ਕਾਰਵਾਈ ਦੌਰਾਨ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤਾ ਗਿਆ ਸੀ। ਗੁਜਰਾਤ ਦੇ ਰੱਖਿਆ ਪੀ ਆਰ ਓ ਨੇ ਇੱਕ ਟਵੀਟ ਵਿੱਚ ਕਿਹਾ ਕਿ ਤੱਟ ਰੱਖਿਅਕ ਨੇ ਰਾਜ ਏਟੀਐਸ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ‘ਅਲ ਹੁਸੈਨੀ’ ਨੂੰ ਭਾਰਤੀ ਜਲ ਖੇਤਰ ਵਿੱਚ ਚਾਲਕ ਦਲ ਦੇ ਛੇ ਮੈਂਬਰਾਂ ਦੇ ਨਾਲ ਬਰਾਮਦ ਕਰ ਲਿਆ। ਇਸ ਤੋਂ ਪਹਿਲਾਂ ਨਵੰਬਰ ਵਿੱਚ, ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਮੋਰਬੀ ਅਤੇ ਦੇਵਭੂਮੀ ਦਵਾਰਕਾ ਜ਼ਿਲ੍ਹਿਆਂ ਤੋਂ 720 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਸੀ। ਏਟੀਐਸ ਨੇ ਮੋਰਬੀ ਜ਼ਿਲ੍ਹੇ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 600 ਕਰੋੜ ਰੁਪਏ ਦੀ 120 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੇਵਭੂਮੀ ਦਵਾਰਕਾ ਦੇ ਨਵਾਦਰਾ ਸਥਿਤ ਪਟੇਲੀਆ ਦੇ ਘਰ ਤੋਂ 120 ਕਰੋੜ ਰੁਪਏ ਦੀ 24 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਏਟੀਐਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਨਾਈਜੀਰੀਅਨ ਮੂਲ ਦੇ ਇੱਕ ਨਾਗਰਿਕ ਸਮੇਤ ਕੁੱਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ 144 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ। ਦੂਜੇ ਪਾਸੇ ਗੁਜਰਾਤ ਦੇ ਨਾਲ ਲੱਗਦੇ ਰਾਜਸਥਾਨ ਵਿੱਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਦੋ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਵਿਭਾਗ ਦੇ ਸਹਾਇਕ ਕਮਿਸ਼ਨਰ ਬੀ.ਬੀ ਅਟਲ ਨੇ ਦੱਸਿਆ ਕਿ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਸ਼ਾਰਜਾਹ ਤੋਂ ਆਈ ਇਕ ਔਰਤ ਦੇ ਸਾਮਾਨ ਦੀ ਚੈਕਿੰਗ ਦੌਰਾਨ ਉਸ ਕੋਲੋਂ 2.150 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਔਰਤ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਕੀਨੀਆ, ਅਫ਼ਰੀਕਾ ਦੀ ਵਸਨੀਕ ਹੈ ਅਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਬਾਜ਼ਾਰੀ ਕੀਮਤ 14.65 ਕਰੋੜ ਰੁਪਏ ਹੈ।