ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਡਿਪਟੀ ਕਮਿਸ਼ਨਰ ਤੇ ਸੀਪੀ ਭੁੱਲਰ ਨਾਲ ਕੀਤੀ ਮੀਟਿੰਗ

ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਪੰਜਾਬ ਪਹੁੰਚ ਚੁੱਕੇ ਹਨ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ, ਸੋਮ ਪ੍ਰਕਾਸ਼, ਵਿਜੇ ਸਾਂਪਲਾ, ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨਾਲ ਸਰਕਟ ਹਾਊਸ ਲੁਧਿਆਣਾ ਵਿਖੇ ਮੀਟਿੰਗ ਕੀਤੀ। ਇਸ ਤੋਂ ਬਾਅਦ ਦੁਪਹਿਰ ਲਗਭਗ 3 ਵਜੇ ਸਰਕਟ ਹਾਊਸ ਲੁਧਿਆਣਾ ਵਿਖੇ ਮੀਡੀਆ ਨੂੰ ਸੰਬੋਧਨ ਕਰਨਗੇ।ਕੇਂਦਰੀ ਕਾਨੂੰਨ ਮੰਤਰੀ ਨੇ ਕਿਹਾ ਕਿ ਪੰਜਾਬ ਸੰਵੇਦਨਸ਼ੀਲ ਤੇ ਮਹੱਤਵਪੂਰਨ ਸੂਬਾ ਹੈ। ਇਸ ਲਈ ਉਹ ਖੁਦ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ ਉਹ ਜੱਜਾਂ ਤੇ ਅਫਸਰਾਂ ਨਾਲ ਗੱਲਬਾਤ ਕਰਨਗੇ। ਫਿਰ ਕੇਂਦਰ ਸਰਕਾਰ ਦੇਖੇਗੀ ਕਿ ਇਸ ਵਿਚ ਅੱਗੇ ਕੀ ਕਦਮ ਚੁੱਕਣਾ ਹੈ।ਕੋਰਟ ਕੰਪਲੈਕਸ ਵਿਚ ਜੋ ਘਟਨਾ ਹੋਈ, ਮੈਂ ਨਿਆਂਇਕ ਪੱਖ ਤੋਂ ਰਿਪੋਰਟ ਲੈਣੀ ਹੈ। ਇਸ ਦੀ ਜਾਂਚ ਚੱਲ ਰਹੀ ਹੈ। ਮੈਂ ਦੇਸ਼ ਦਾ ਕਾਨੂੰਨ ਮੰਤਰੀ ਹਾਂ। ਇਸ ਲਈ ਖੁਦ ਵੀ ਦੇਖਣ ਆਇਆ ਹਾਂ। ਪੰਜਾਬ ਵਿਚ ਬੇਅਦਬੀ ਤੇ ਧਮਾਕੇ ਦੀ ਘਟਨਾ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਕੋਰਟ ਕੰਪਲੈਕਸ ਵਿਚ ਹੋਈ ਘਟਨਾ ਨੂੰ ਨੇੜੇ ਤੋਂ ਦੇਖਣਾ ਲਾਜ਼ਮੀ ਹੈ।ਪੰਜਾਬ ਪੁਲਿਸ ਦੀ ਫੋਰੈਂਸਿਕ ਟੀਮ ਵੀ ਮੌਕੇ ਤੋਂ ਸਬੂਤ ਖੰਗਾਲ ਚੁੱਕੀ ਹੈ। ਮੌਕੇ ਤੋਂ ਬਰਾਮਦ ਮ੍ਰਿਤਕ ਦੇਹ ਨੂੰ ਵੀ ਜਾਂਚ ਲਈ ਹਸਪਤਾਲ ਭੇਜਿਆ ਜਾ ਚੁੱਕਾ ਹੈ। ਸੂਬੇ ਦੇ ਅੰਦਰ ਤੇ ਪਾਕਿਸਤਾਨ ਬਾਰਡਰ ਨਾਲ ਲੱਗੇ ਇਲਾਕਿਆਂ ਵਿਚ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ।