ਕਾਰੋਬਾਰੀ ਦੇ ਘਰ ‘ਤੇ ਆਮਦਨ ਕਰ ਵਿਭਾਗ ਅਤੇ ਜੀਐੱਸਟੀ ਦੀ ਛਾਪੇਮਾਰੀ, 257 ਕਰੋੜ ਨਕਦ, 15 ਕਿਲੋ ਸੋਨਾ ਅਤੇ 50 ਕਿਲੋ ਚਾਂਦੀ ਬਰਾਮਦ
ਕਾਨਪੁਰ ਦੇ ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਦੇ ਕਨੌਜ (Perfume Businessman Piyush Jain) ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਅਤੇ ਜੀਐੱਸਟੀ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਊਸ਼ ਜੈਨ ਦੇ ਘਰੋਂ ਨੋਟਾਂ ਨਾਲ ਭਰੀਆਂ ਅੱਠ ਪਲਾਸਟਿਕ ਦੀਆਂ ਬੋਰੀਆਂ ਬਰਾਮਦ ਹੋਈਆਂ ਹਨ।
ਇਸ ਤੋਂ ਇਲਾਵਾ ਸੋਨੇ ਦੇ ਬਿਸਕੁਟ ਅਤੇ ਚਾਂਦੀ ਵੀ ਬਰਾਮਦ ਹੋਈ ਹੈ। ਸ਼ਨੀਵਾਰ ਰਾਤ ਤੋਂ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਅਧਿਕਾਰੀ ਬੈੱਡਰੂਮ, ਬਾਥਰੂਮ, ਰਸੋਈ ਤੋਂ ਨਕਦੀ ਅਤੇ ਗਹਿਣੇ ਬਰਾਮਦ ਕਰ ਰਹੇ ਹਨ। ਕਾਨਪੁਰ ਅਤੇ ਕਨੌਜ ਸਥਿਤ ਰਿਹਾਇਸ਼ਾਂ ਤੋਂ ਹੁਣ ਤੱਕ 257 ਕਰੋੜ ਨਕਦ, 15 ਕਿਲੋ ਸੋਨਾ ਅਤੇ 50 ਕਿਲੋ ਚਾਂਦੀ ਬਰਾਮਦ ਕੀਤੀ ਜਾ ਚੁੱਕੀ ਹੈ। ਟੀਮ ਅਜੇ ਵੀ ਨੋਟਾਂ ਦੀ ਗਿਣਤੀ ਵਿੱਚ ਲੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੀਯੂਸ਼ ਜੈਨ ਦੇ ਕਾਨਪੁਰ ਸਥਿਤ ਘਰ ‘ਚੋਂ ਅਲਮਾਰੀ ‘ਚੋਂ ਮਿਲੇ ਨਕਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਹਨ। ਕਾਨਪੁਰ ਤੋਂ ਬਾਅਦ ਹੁਣ ਕਨੌਜ ਸਥਿਤ ਘਰ ‘ਚੋਂ ਕਾਫੀ ਨਕਦੀ ਅਤੇ ਸੋਨਾ-ਚਾਂਦੀ ਨਿਕਲ ਰਿਹਾ ਹੈ।
ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਟੀਮ ਨੂੰ ਕੁਝ ਡਾਇਰੀਆਂ ਅਤੇ ਬਿੱਲ ਵੀ ਮਿਲੇ ਹਨ। ਇਨ੍ਹਾਂ ਵਿਚ ਕਈ ਕੰਪਨੀਆਂ ਤੋਂ ਕੱਚੇ ਮਾਲ ਦੀ ਖਰੀਦੋ-ਫਰੋਖਤ ਦਾ ਜ਼ਿਕਰ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਵਿੱਚ ਸ਼ਾਮਲ ਟੀਮ ਹੁਣ ਇਨ੍ਹਾਂ ਕੰਪਨੀਆਂ ਨਾਲ ਸੰਪਰਕ ਕਰਕੇ ਬਿੱਲਾਂ ਅਤੇ ਡਾਇਰੀ ਵਿੱਚ ਦਰਜ ਜਾਣਕਾਰੀ ਦੀ ਪੜਤਾਲ ਕਰੇਗੀ। ਇਸ ਖਬਰ ਨੇ ਪਰਫਿਊਮ ਦੇ ਕਾਰੋਬਾਰ ਨਾਲ ਜੁੜੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।