ਮੇਰਾ ਮੁਕੱਦਰ ਕੰਮ ਕਰ ਗਿਆ ਜੋ ਮੈਂ ਮੰਤਰੀ ਬਣ ਗਿਆ, ਕਈ ਬਾਰ ਯੋਗਤਾ ਉਪਰ ਮੁਕੱਦਰ ਭਾਰੂ ਹੋ ਜਾਂਦਾ-ਰਾਜਾ ਵੜਿੰਗ

28 ਦਸੰਬਰ 2021-ਸਥਾਨਕ ਮਿਲਨ ਪੈਲੇਸ ਵਿਖੇ ਸੋਮਵਾਰ ਨੂੰ ਇਲਾਕੇ ਦੇ ਪੰਚਾਂ-ਸਰਪੰਚਾਂ, ਪੰਚਾਇਤਾਂ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਨ ਪਹੁੰਚੇ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਹੁਤ ਵੱਡੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਟ੍ਰਾੰਸਪੋਰਟ ਮੰਤਰੀ ਬਣ ਗਿਆ ਤਾਂ ਇਸਦਾ ਮਤਲਬ ਇਹ ਨਹੀਂ ਕਿ ਮੈਂ ਸਿਆਣਾ ਹਾਂ। ਮੇਰਾ ਮੁਕੱਦਰ ਕੰਮ ਕਰ ਗਿਆ ਜੋ ਮੈਂ ਮੰਤਰੀ ਬਣ ਗਿਆ। ਕਈ ਬਾਰ ਯੋਗਤਾ ਉਪਰ ਮੁਕੱਦਰ ਭਾਰੂ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਧਾਨਸਭਾ ਹਲਕੇ ਤੋਂ ਟਿਕਟ ਇੱਕ ਹੀ ਵਿਅਕਤੀ ਨੂੰ ਮਿਲਣੀ ਹੈ। ਜੇਕਰ ਟਿਕਟ ਨਹੀਂ ਮਿੱਲੀ ਤਾਂ ਇਸਦਾ ਇਹ ਮਤਲਬ ਨਹੀਂ ਕਿ ਆਪਣੀ ਹੀ ਪਾਰਟੀ ਦੇ ਉਮੀਦਵਾਰ ਨੂੰ ਠੋਕ ਦਿਓ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਬਾਰ ਬਾਰ ਮਾਰਕਫੈਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਅਤੇ ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ ਉਰਫ ਅਜੈਪਾਲ ਸਿੰਘ ਮਰਾੜ ਦੀ ਜੱਮ ਕੇ ਤਾਰੀਫ ਕੀਤੀ। ਜਿਸਦਾ ਸਿੱਧਾ ਇਸ਼ਾਰਾ ਇਹ ਸੀ ਕਿ ਕੋਟਕਪੂਰਾ ਤੋਂ ਅਜੈਪਾਲ ਸਿੰਘ ਸੰਧੂ ਨੂੰ ਹੀ ਟਿਕਟ ਮਿਲਣ ਦੀ ਜਿਆਦਾ ਸੰਭਾਵਨਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕੋਟਕਪੂਰਾ ਤੋਂ ਕਾਂਗਰਸ ਉਮੀਦਵਾਰ ਜਿੱਤੇਗਾ ਫੇਰ ਹੀ ਸੁੱਬੇ ਵਿੱਚ ਕਾਂਗਰਸ ਦੀ ਮੁੜ ਸਰਕਾਰ ਬਣੇਗੀ ਅਤੇ ਕਿੱਕੀ ਢਿਲੋਂ ਮੰਤਰੀ ਬਣਨਗੇ। ਹੋ ਸਕਦਾ ਹੈ ਮੇਰਾ ਵੀ ਦਾਅ ਲੱਗ ਜਾਵੇ। ਇਸ ਲਈ ਜਿਸਨੂੰ ਵੀ ਟਿਕਟ ਮਿਲਦੀ ਹੈ। ਉਸਦੀ ਇਕਜੁੱਟ ਹੋਕੇ ਮਦਦ ਕੀਤੀ ਜਾਵੇ, ਹਰ ਇੱਕ ਵੋਟ ਦੀ ਕੀਮਤ ਹੁੰਦੀ ਹੈ।
ਇਸ ਮੌਕੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਕੇਜਰੀਵਾਲ ਉਪਰ ਜੱਮ ਕੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਦੱਸਿਆ ਕਿ ਕਿਸੇ ਐਨਆਰਆਈ ਕੋਲੋਂ ਧੱਕੇ ਨਾਲ ਪਰਮਿਟ ਖੋਹਕੇ ਇੰਡੋ ਕੈਨੇਡੀਅਨ ਬਸ ਨੂੰ ਜਾਰੀ ਕੀਤੇ ਗਏ ਸਨ। ਇਹ 35 ਬਸਾਂ ਹਨ ਅਤੇ ਹਰ ਇੱਕ ਬਸ ਵਿੱਚ 52 ਸੀਟਾਂ ਹਨ। ਆਨਲਾਈਨ ਬੁਕਿੰਗ ਤੇ ਕਿਰਾਇਆ 3000 ਰੁਪਏ ਸਵਾਰੀ ਹੈ। ਇਸ ਤਰਾਂ ਹਰ ਰੋਜ ਇਕ ਬਸ ਨੂੰ ਆਉਣ ਜਾਣ ਤੇ 3 ਲੱਖ 12 ਹਜਾਰ ਰੁਪਏ ਦੀ ਕਮਾਈ ਹੁੰਦੀ ਹੈ। ਜੇਕਰ ਖਰਚਾ ਵੀ ਕੱਢ ਦੇਈਏ ਤਾਂ ਵੀ ਬਾਦਲਾਂ ਨੂੰ ਢਾਈ ਲੱਖ ਰੁਪਏ ਹਰ ਬਸ ਦੇ ਹਿਸਾਬ ਨਾਲ 87 ਲੱਖ 50 ਹਜਾਰ ਰੁਪਏ ਇੱਕ ਦਿਨ ਦੀ ਕਮਾਈ ਹੈ। ਕੇਜਰੀਵਾਲ ਤੇ ਸ਼ਬਦੀ ਹਮਲਾ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲਾ ਦਿੱਲੀ ਦਾ ਮੁਖਮੰਤਰੀ ਅਰਵਿੰਦ ਕੇਜਰੀਵਾਲ ਅਮ੍ਰਿਤਸਰ ਆਉਣ ਤੇ ਜਿਸ ਹੋਟਲ ਵਿੱਚ ਠਹਿਰਿਆ ਸੀ ਉਸ ਹੋਟਲ ਦੇ ਕਮਰੇ ਦਾ ਕਿਰਾਇਆ 30 ਹਜਾਰ ਰੁਪਏ ਰੋਜਾਨਾ ਹੈ। ਦਿੱਲੀ ਵਿੱਚ ਮੁਖਮੰਤਰੀ ਦਾ ਘਰ ਢਾਈ ਏਕੜ ਵਿੱਚ ਬਣਿਆ ਹੋਇਆ ਹੈ। ਮੈਂ 6 ਘੰਟੇ ਇਸਦੇ ਘਰ ਦੇ ਬਾਹਰ ਬੈਠਾ ਰਿਹਾ ਪਰ ਕਿਸੇ ਨੇ ਮੈਨੂੰ ਪਾਣੀ ਤੱਕ ਨਹੀਂ ਪੁੱਛਿਆ ।