ਵਟਸਐਪ ਗਰੁੱਪਾਂ ‘ਚ ਪੋਸਟ ਕੀਤੇ ਗਏ ਹਰ ਸੰਦੇਸ਼ ਲਈ ਗਰੁੱਪ ਦਾ ਐਡਮਿਨ ਜ਼ਿੰਮੇਵਾਰ ਨਹੀਂ- ਹਾਈ ਕੋਰਟ

ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਨੇ ਕਿਹਾ ਹੈ ਕਿ ਵਟਸਐਪ ਗਰੁੱਪਾਂ ‘ਚ ਪੋਸਟ ਕੀਤੇ ਗਏ ਹਰ ਸੰਦੇਸ਼ ਲਈ ਗਰੁੱਪ ਦਾ ਐਡਮਿਨ ਜ਼ਿੰਮੇਵਾਰ ਨਹੀਂ ਹੈ। ਜੱਜ ਜਸਟਿਸ ਜੀਆਰ ਸਵਾਮੀਨਾਥਨ ਨੇ ਬੰਬੇ ਹਾਈ ਕੋਰਟ ਦੇ ਕਿਸ਼ੋਰ ਬਨਾਮ ਰਾਜ ਮਹਾਰਾਸ਼ਟਰ ਕੇਸ ਦਾ ਹਵਾਲਾ ਦਿੱਤਾ। ਇਸ ਫੈਸਲੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਸ ਨੇ ਐਡਮਿਨ ਹੋਣ ਤੋਂ ਇਲਾਵਾ ਗਰੁੱਪ ਦੇ ਮੈਂਬਰਾਂ ਵੱਲੋਂ ਕੀਤੇ ਗਏ ਅਪਰਾਧ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ ਹੈ ਤਾਂ ਵਟਸਐਪ ਗਰੁੱਪ ਐਡਮਿਨ ਨੂੰ ਮੁਲਜ਼ਮਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਜਾਵੇ। ਹਾਲਾਂਕਿ, ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਗਰੁੱਪ ਐਡਮਿਨ ਵੀ ਕਿਸੇ ਅਪਰਾਧ ਵਿੱਚ ਸ਼ਾਮਲ ਹੈ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਗਰੁੱਪ ਐਡਮਿਨ ਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਇੱਕ ਮੈਂਬਰ ਦੁਆਰਾ ਇਤਰਾਜ਼ਯੋਗ ਸੰਦੇਸ਼ ਭੇਜੇ ਗਏ ਸਨ ਜੋ ਭਾਈਚਾਰਿਆਂ ਵਿੱਚ ਦੁਸ਼ਮਣੀ ਪੈਦਾ ਕਰ ਸਕਦੇ ਸਨ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਟੀਸ਼ਨਰ ਸਿਰਫ਼ ਵਟਸਐਪ ਗਰੁੱਪ ਦਾ ਐਡਮਿਨ ਸੀ ਅਤੇ ਉਸ ਨੂੰ ਗਰੁੱਪ ਦੇ ਮੈਂਬਰਾਂ ਵੱਲੋਂ ਭੇਜੇ ਗਏ ਸੰਦੇਸ਼ਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਹਾਈਕੋਰਟ ਦੇ ਜੱਜ ਨੇ ਕਿਹਾ ਕਿ ਜੇਕਰ ਮਾਮਲੇ ‘ਚ ਪਟੀਸ਼ਨਰ ਦੀ ਭੂਮਿਕਾ ਸਿਰਫ ਗਰੁੱਪ ਐਡਮਿਨ ਦੀ ਹੈ ਤਾਂ ਉਸ ਦਾ ਨਾਂ ਚਾਰਜਸ਼ੀਟ ‘ਚੋਂ ਕੱਢਿਆ ਜਾਣਾ ਚਾਹੀਦਾ ਹੈ।