ਪਟਿਆਲਾ ਪੁਲਿਸ ਨੇ ਸਿੱਖ ਫਾਰ ਜਸਟਿਸ ਨਾਲ ਸਬੰਧਤ ਇੱਕ ਔਰਤ ਸਣੇ ਤਿੰਨ ਵਿਅਕਤੀ ਕੀਤਾ ਗ੍ਰਿਫਤਾਰ
ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਸਿੱਖ ਫਾਰ ਜਸਟਿਸ ਨਾਲ ਸਬੰਧਤ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਖਾਲਿਸਤਾਨ ਬਣਾਉਣ ਦੇ ਰਜਿਸਟ੍ਰੇਸ਼ਨ ਫਾਰਮ ਤੇ ਹੋਰ ਸਮੱਗਰੀ ਲੈ ਕੇ ਪ੍ਰਚਾਰ ਕਰ ਰਹੇ ਸਨ। ਰਾਜਪੁਰਾ ਸਰਕਲ ਦੀ ਪੁਲਿਸ ਵੱਲੋਂ ਇਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵਿੱਚੋਂ ਗ੍ਰਿਫਤਾਰ ਕੀਤੀ ਗਈ ਔਰਤ ਜਸਵੀਰ ਕੌਰ ਦਾ ਪਰਿਵਾਰਕ ਪਿਛੋਕੜ ਵੀ ਅੱਤਵਾਦ ਨਾਲ ਜੁੜਿਆ ਹੋਇਆ ਹੈ। ਜਸਵੀਰ ਕੌਰ ਦਾ ਜੇਠ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਏਰੀਆ ਕਮਾਂਡਰ ਵੀ ਰਹਿ ਚੁੱਕਾ ਹੈ। ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਇੱਕ ਔਰਤ ਤੇ ਦੋ ਵਿਅਕਤੀ 25 ਦਸੰਬਰ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਹੋਰ ਜਨਤਕ ਥਾਵਾਂ ‘ਤੇ ਜਾ ਕੇ ਭੋਲੇ-ਭਾਲੇ ਲੋਕਾਂ ਨੂੰ ਖਾਲਿਸਤਾਨ ਬਣਾਉਣ ਲਈ ਉਕਸਾ ਕੇ ਵੋਟਿੰਗ ਲਈ ਰਜਿਸਟ੍ਰੇਸ਼ਨ ਫਾਰਮ ਵੰਡ ਰਹੇ ਸਨ। ਇਨ੍ਹਾਂ ਕੋਲੋਂ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।
ਸੂਚਨਾ ਮਿਲੀ ਸੀ ਕਿ ਜਗਮੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਦਰਗਾਪੁਰ, ਗੁਰਦਾਸਪੁਰ ਹਾਲ ਅਬਾਦ ਫਲੈਟ ਨੰਬਰ 1820/5 ਬਲਾਕ ਨੰਬਰ 105 ਹਾਊਸਫੈਡ ਸੋਸਾਇਟੀ ਬਨੂੜ ਤੇ ਰਵਿੰਦਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਪਿੰਡ ਜੱਸੜਾ ਥਾਣਾ ਮੰਡੀ ਗੋਬਿੰਦਗੜ੍ਹ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖ ਰਹੇ ਹਨ ਅਤੇ ਪੋਸਟਰ ਚਿਪਕਾ ਰਹੇ ਹਨ। ਇਹ ਪੋਸਟਰ ਤੇ ਹੋਰ ਪ੍ਰਿੰਟਿੰਗ ਸਮੱਗਰੀ ਇਨ੍ਹਾਂ ਨੂੰ ਜਗਮੀਤ ਸਿੰਘ ਦੀ ਮਾਤਾ ਜਸਵੀਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਦਰਗਾਪੁਰ ਹਾਲ ਅਬਾਦ ਫਲੈਟ ਨੰਬਰ 182075 ਬਲਾਕ ਨੰਬਰ 05 ਹਾਊਸਫੈਡ ਸੋਸਾਇਟੀ ਬਨੂੜ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਖਿਲਾਫ ਮੁਕੱਦਮਾ ਨੰਬਰ 144 ਮਿਤੀ 26-12-2021 ਅਧੀਨ ਧਾਰਾ 1534,505 (2),505 (3),120B IPC ਥਾਣਾ ਬਨੂੰੜ ਦਰਜ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਪ੍ਰਿੰਟ ਅਤੇ ਹੋਰ ਪ੍ਰਚਾਰ ਸਮੱਗਰੀ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ।