ਦਲਿੱਤ ਮੁੱਖ ਮੰਤਰੀ ਵਾਲੇ ਐਲਾਨ ਤੋਂ ਪਿੱਛੇ ਹਟਦੀ ਜਾਪ ਰਹੀ ਹੈ ਪੰਜਾਬ ਭਾਜਪਾ

ਪੰਜਾਬ ਭਾਜਪਾ ਦਲਿੱਤ ਮੁੱਖ ਮੰਤਰੀ ਵਾਲੇ ਐਲਾਨ ਤੋਂ ਪਿੱਛੇ ਹਟਦੀ ਜਾਪ ਰਹੀ ਹੈ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੁਣ ਮੁੱਖ ਮੰਤਰੀ ਬਾਰੇ ਫੈਸਲਾ ਹਾਈਕਮਾਨ ਉਤੇ ਸੁੱਟ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਪਾਰਟੀ ਵੱਲੋਂ ਕਿਸੇ ਦਲਿਤ ਆਗੂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕਰਨ ਬਾਰੇ ਕਿਹਾ ਕਿ ਅਜਿਹੇ ਮਹੱਤਵਪੂਰਨ ਫ਼ੈਸਲੇ ਅਤੇ ਅੰਤਿਮ ਫ਼ੈਸਲਾ ਪਾਰਟੀ ਦੇ ਪਾਰਲੀਮਾਨੀ ਕਮੇਟੀ ਨੇ ਕਰਨਾ ਹੁੰਦਾ ਹੈ। ਯਾਦ ਰਹੇ ਕਿ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ’ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਸੀ।ਭਾਜਪਾ ਦੇ ਆਗੂ ਪੰਜਾਬ ਵਿੱਚ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦੇ ਆਪਣੇ ਕੀਤੇ ਗਏ ਐਲਾਨਾਂ ਨੂੰ ਵਾਰ-ਵਾਰ ਦੁਹਰਾਉਂਦੇ ਵੀ ਰਹੇ ਹਨ ਤੇ ਅੱਜ ਅਸ਼ਵਨੀ ਸ਼ਰਮਾ ਨੇ ਇਸ ਤੋਂ ਬਿਲਕੁਲ ਪਾਸਾ ਵੱਟ ਲਿਆ ਹੈ। ਇਸ ਤੋਂ ਇਲਾਵਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਜਨਵਰੀ ਨੂੰ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਉਹ ਫ਼ਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਰੈਲੀ ਹੋਵੇਗੀ ਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਦਾ ਬਿਗਲ ਵੀ ਉਸੇ ਦਿਨ ਵਜਾ ਦਿੱਤਾ ਜਾਵੇਗਾ। ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਤੇ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸੂਬੇ ਦੇ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਕਰ ਕੇ ਉਨ੍ਹਾਂ ਨੂੰ ਰੈਲੀ ਲਈ ਪੰਜ ਲੱਖ ਦਾ ਇਕੱਠ ਯਕੀਨੀ ਬਣਾਉਣ ਦਾ ਟੀਚਾ ਦਿੱਤਾ ਗਿਆ ਹੈ। ਪਾਰਟੀ ਆਗੂਆਂ ਨੂੰ 3200 ਬੱਸਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ।