ਲਖੀਮਪੁਰ ਖੀਰੀ ਕਾਂਡ ‘ਚ ਜੇਲ੍ਹ ਵਿੱਚ ਬੰਦ ਆਸ਼ੀਸ਼ ਮਿਸ਼ਰਾ ਦੀਆਂ ਵਧੀਆਂ ਮੁਸ਼ਕਲਾਂ

ਲਖੀਮਪੁਰ ਖੀਰੀ ਕਾਂਡ ‘ਚ ਜੇਲ੍ਹ ਵਿੱਚ ਬੰਦ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਦੀਆਂ ਮੁਸ਼ਕਲਾਂ ਹੋਰ ਵਧਣ ਜਾ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਯੂਪੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਚਾਰਜਸ਼ੀਟ ਲਗਭਗ ਫਾਈਨਲ ਕਰ ਲਈ ਹੈ ਤੇ ਇੱਕ ਹਫਤੇ ਅੰਦਰ ਇਸ ਨੂੰ ਦਾਇਰ ਕੀਤਾ ਜਾ ਸਕਦਾ ਹੈ। ਲਖੀਮਪੁਰ ਕਾਂਡ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ, ਇਸ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਤੇ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਸਣੇ 12 ਹੋਰ ਦੋਸ਼ੀ ਪਾਏ ਗਏ ਹਨ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਆਖਰੀ ਪੜਾਅ ‘ਤੇ ਹੈ ਅਤੇ ਛੇਤੀ ਹੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਅਧਿਕਾਰੀ ਨੇ ਅੱਗੇ ਕਿਹਾ ਕਿ ਏਜੰਸੀ ਦੋਸ਼ੀਆਂ ਖਿਲਾਫ਼ ਇਕੱਠੇ ਕੀਤੇ ਸਬੂਤਾਂ ਦੀ ਪੁਸ਼ਟੀ ਕਰ ਰਹੀ ਹੈ ਅਤੇ ਫੋਰੈਂਸਿਕ ਲੈਬਾਰਟਰੀ ਤੋਂ ਆਈਆਂ ਰਿਪੋਰਟਾਂ ਦੀ ਵੀ ਸਟੱਡੀ ਕਰ ਰਹੀ ਹੈ। ਜਾਂਚ ਦੌਰਾਨ ਐੱਸ.ਆਈ.ਟੀ. ਨੇ ਮੁਲਜ਼ਮਾਂ ਦੇ ਸੈੱਲਫੋਨ, ਹਥਿਆਰ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਘਟਨਾ ਦੀਆਂ ਵੀਡੀਓਜ਼ ਵੀ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ.ਐੱਸ.ਐੱਲ.) ਨੂੰ ਭੇਜੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਐੱਸ.ਆਈ.ਟੀ. ਨੂੰ ਜ਼ਿਆਦਾਤਰ ਲੋੜੀਂਦੀਆਂ ਫੋਰੈਂਸਿਕ ਅਤੇ ਬੈਲਿਸਟਿਕ ਰਿਪੋਰਟਾਂ ਮਿਲ ਚੁੱਕੀਆਂ ਹਨ। ਜੇ ਕੋਈ ਫੋਰੈਂਸਿਕ ਰਿਪੋਰਟ ਸਮੇਂ ‘ਤੇ ਨਹੀਂ ਆਉਂਦੀ ਤਾਂ ਉਹ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਇਸ ਨੂੰ ਅਦਾਲਤ ਵਿਚ ਭੇਜ ਦੇਣਗੇ।