ਨਰਮਾ ਚੁਗਾਈ ਦੇ ਮੁਆਵਜੇ ਸਬੰਧੀ ਲਾਈਆਂ ਸ਼ਰਤਾ ਖਤਮ ਕਰਨ ਦੀ ਮੰਗ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਰਾਮਪੁਰਾ ਵਿਖੇ ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ ਕਰਨਗੀਆਂ ਵਿਰੋਧ
ਬਠਿੰਡਾ 29 ਦਸੰਬਰ -ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਫੋਕੇ ਐਲਾਨ ਕਰਨ ਦੇ ਨਾਲ ਨਾਲ ਹੁਣ ਮੰਨੀਆਂ ਮੰਗਾਂ ਬਾਰੇ ਨਵੀਆਂ ਬੇਲੋੜੀਆਂ ਸ਼ਰਤਾ ਲਾਕੇ ਮਜ਼ਦੂਰਾਂ ਨੂੰ ਖੱਜਲ ਖੁਆਰ ਕਰਨ ਦੇ ਰਾਹ ਤੁਰ ਪਏ ਹਨ।ਮਜ਼ਦੂਰਾਂ ਨੂੰ ਨਰਮਾ ਚੁਗਾਈ ਦਾ ਮੁਆਵਜਾ ਦੇਣ ਤੇ ਹੱਕਦਾਰ ਮਜ਼ਦੂਰਾਂ ਦੀ ਸਨਾਖ਼ਤ ਕਰਨ ਸਬੰਧੀ ਮਜ਼ਦੂਰ ਦੇ ਬਿਜਲੀ ਦਾ ਮੀਟਰ ਹੋਣ ਸਨਾਖਤ ਸਮੇਂ ਸਰਪੰਚ,ਪੰਚ ਤੇ ਨੰਬਰਦਾਰ ਹਾਜ਼ਰ ਹੋਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ । ਜਦੋਂ ਕਿ 23 ਨਵੰਬਰ ਨੂੰ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਗ੍ਰਾਮ ਸਭਾ ਰਾਹੀ ਚੋਣ ਕਰਨ ਦਾ ਫੈਸਲਾ ਹੋਇਆ ਸੀ।ਜੇਕਰ ਇਹੀ ਹੁਕਮ ਕਾਇਮ ਰਹਿੰਦੇ ਹਨ ਤਾਂ ਮਜ਼ਦੂਰ ਮੁਆਵਜੇ ਵਿੱਚ ਵੱਡੀ ਪੱਧਰ ‘ਤੇ ਧਾਂਦਲੀਆਂ ਹੋਣਗੀਆਂ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਸੈਂਕੜੇ ਮਜ਼ਦੂਰਾਂ ਨੇ ਐਸ ਡੀ ਐਮ ਮੌੜ ਮੰਡੀ ਦੇ ਦਫਤਰ ਮੂਹਰੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਸਲੀ,ਮਜ਼ਦੂਰ ਮੁਕਤੀ ਮੋਰਚਾ ਦੇ ਜਿਲਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ,ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਮੀਤ ਪ੍ਰਧਾਨ ਮੱਖਣ ਸਿੰਘ ਗੁਰੂਸਰ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਬੰਤ ਸਿੰਘ ਡਿੱਖ ਨੇ ਸਾਂਝੇ ਬਿਆਨ ਚਕਿਹਾ ਕਿ ਮਜ਼ਦੂਰ ਜੱਥੇਬੰਦੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਈ ਪੈਨਿਲ ਮੀਟਿੰਗ ਵਿੱਚ ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ,ਬਿਜਲੀ ਬਿੱਲਾ ਦੇ ਜੁਰਮਾਨੇ ਮਾਫ ਕਰਨ ,ਕਰਜ਼ੇ ਕਾਰਨ ਔਰਤਾਂ ਨੂੰ ਜਲੀਲ ਕਰਨ ਵਾਲੀਆਂ ਮਾਈਕਰੋ ਫਾਈਨਾਸ ਕੰਪਨੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ,ਸਹਿਕਾਰੀ ਸਭਾਵਾਂ ਚੋਂ ਮਜ਼ਦੂਰਾਂ ਨੂੰ ਪੰਜਾਹ ਹਜਾਰ ਦਾ ਕਰਜਾ ਦੇਣ ਤੇ ਦਲਿਤ ਮਜ਼ਦੂਰਾਂ ਨੂੰ 25 ਫੀਸਦੀ ਮੈਂਬਰਸਿਪ ਦੇਣ,ਨੀਲੇ ਕਾਰਡ ਬਨਾਉਣ ਆਦਿ ਮੰਗਾਂ ਲਾਗੂ ਕਰਨ ਦਾ ਫੈਸਲਾ ਕੀਤਾ ਸੀ, ਪਰ ਫੈਸਲਿਆਂ ਦੀਆਂ ਹਿਦਾਇਤਾ ਸਬੰਧਤ ਮਹਿਕਮੇ ਦੇ ਅਫਸਰਾਂ ਨੂੰ ਜਾਰੀ ਨਾ ਹੋਣ ਕਰਕੇ ਇਨਾਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ । ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਆਮਦ ਮੌਕੇ ਉਨਾਂ ਦਾ ਕਾਲੇ ਝੰਡਿਆ ਨਾਲ ਵਿਰੋਧ ਕੀਤਾ ਜਾਵੇਗਾ । ਹੋਰਨਾਂ ਤੋਂ ਇਲਾਵਾ ਗੁਲਾਬ ਸਿੰਘ ਮਾਈਸਰਖਾਨਾ,ਸੁੱਖਾ ਸਿੰਘ ਰਾਜਗੜ ਕੁੱਬੇ, ਸੁਖਜੀਵਨ ਸਿੰਘ ਮੌੜ ਚੜਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਤਾਰਾ ਸਿੰਘ ,ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਮੋਹਣਾ ਸਿੰਘ ਚੱਠੇਵਾਲਾ,ਪੰਜਾਬ ਸਟੂਡੈੰਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਅਮਿਤੋਜ ਮੌੜ ਆਦਿ ਆਗੂਆਂ ਨੇ ਵੀ ਸਰਕਾਰ ਦੀ ਲਾਰਾ ਲਾਊ ਨੀਤੀ ਦੀ ਸਖਤ ਨਿੰਦਾ ਕਰਦਿਆਂ ਲੋਕਾਂ ਨੂੰ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦਿੱਤਾ ।