ਕਿਸਾਨ ਜਥੇਬੰਦੀ ਵੱਲੋਂ ਮੁੱਖ ਮੰਤਰੀ ਨੂੰ ਟਾਲਮਟੋਲ ਵਾਲੀ ਨੀਤੀ ਖ਼ਿਲਾਫ਼ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ

ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਮੀਟਿੰਗ ਦਾ ਸਮਾਂ ਦੇ ਕੇ ਵਾਰ-ਵਾਰ ਅੱਗੇ ਪਾਉਣ ਉਤੇ ਮੁੱਖ ਮੰਤਰੀ ਪ੍ਰਤੀ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। 20 ਦਸੰਬਰ ਤੋਂ ਪੰਜਾਬ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਅਤੇ ਹੋਰ ਭਖਦੀਆਂ ਮੰਗਾਂ ਬਾਰੇ ਚੱਲ ਰਹੇ ਮੋਰਚੇ ਦੌਰਾਨ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੱਜ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਬਸੰਤ ਸਿੰਘ ਕੋਠਾਗੁਰੂ ਤੇ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਚਾਰਨ ਲਈ 26 ਦਸੰਬਰ ਦਾ ਸਮਾਂ ਦਿੱਤਾ ਸੀ।
ਉਸ ਦਿਨ ਚੰਡੀਗੜ੍ਹ ਪਹੁੰਚਣ ਉਤੇ ਸਮਾਂ ਘੱਟ ਹੋਣ ਦਾ ਬਹਾਨਾ ਕਹਿ ਕੇ ਦੁਬਾਰਾ 28 ਦਸੰਬਰ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ। ਮੁੱਖ ਮੰਤਰੀ ਇਸ ਮੀਟਿੰਗ ਤੋਂ ਵੀ ਮੁੱਕਰ ਗਿਆ ਤਾਂ ਕਿਸਾਨਾਂ ਨੇ ਰੋਸ ਵਜੋਂ ਮਿੰਨੀ ਸਕੱਤਰੇਤ ਦਾ ਘਿਰਾਓ ਕਰ ਲਿਆ। ਉਸ ਦਿਨ ਸ਼ਾਮ ਸੱਤ ਵਜੇ ਆਈਜੀ ਬਠਿੰਡਾ ਵੱਲੋਂ 29 ਦਸੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦੇ ਦਿੱਤੇ ਭਰੋਸੇ ਬਾਰੇ ਮਿੰਨੀ ਸਕੱਤਰੇਤ ਦਾ ਘਿਰਾਓ ਛੱਡ ਦਿੱਤਾ ਸੀ ਪਰ 29 ਦਸੰਬਰ ਨੂੰ ਫੇਰ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨਾਲ ਸਿਰਫ਼ ਦੋ ਮਿੰਟ ਗੱਲਬਾਤ ਕੀਤੀ। ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਫਿਰ ਦੁਬਾਰਾ ਮਿਨੀ ਸਕੱਤਰੇਤ ਦਾ ਘਿਰਾਓ ਕਰ ਲਿਆ।
30 ਦਸੰਬਰ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਫਿਰ ਸੂਬਾ ਆਗੂਆਂ ਨੂੰ 3 ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਲਿਖਤੀ ਸੱਦਾ ਦੇ ਦਿੱਤਾ ਗਿਆ। ਅੱਜ ਸਵੇਰੇ ਦੁਬਾਰਾ ਖੇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਮੀਟਿੰਗ ਬਦਲ ਕੇ 7 ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦਾ ਸੱਦਾ ਭੇਜ ਦਿੱਤਾ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਵਧ ਗਿਆ ਹੈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਨੂੰ ‘ਐਲਾਨਜੀਤ ਮੰਤਰੀ’ ਵੀ ਕਿਹਾ ਜਾਂਦਾ ਹੈ, ਵੱਲੋਂ ਅਖ਼ਬਾਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ 100 ਦਿਨਾਂ ਵਿੱਚ 100 ਵਾਅਦੇ ਲਾਗੂ ਕਰ ਦਿੱਤੇ ਹਨ ਜੋ ਕਿ ਸਰਾਸਰ ਝੂਠੇ ਹਨ ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੇ ਖ਼ਰਾਬੇ ਦੇ ਮੁਆਵਜ਼ੇ ਦੀਆਂ ਹਾਲੇ ਤੱਕ ਲਿਸਟਾਂ ਵੀ ਜਾਰੀ ਨਹੀਂ ਕੀਤੀਆਂ। ਖ਼ਰਾਬੇ ਦਾ ਮੁਆਵਜ਼ਾ ਇੱਕ ਕਿਸਾਨ ਨੂੰ ਸਿਰਫ਼ ਪੰਜ ਏਕੜ ਤਕ ਹੀ ਸੀਮਤ ਕਰ ਦਿੱਤਾ ਹੈ। 36000 ਮੁਲਾਜ਼ਮਾਂ ਨੂੰ ਦਿੱਤੇ ਜਾ ਚੁੱਕੇ ਰੁਜ਼ਗਾਰ ਦਾ ਕੀਤਾ ਦਾਅਵਾ ਵੀ ਝੂਠਾ ਹੈ।
ਵਾਅਦੇ ਮੁਤਾਬਕ ਰੇਤਾ ਬਜਰੀ ਪੰਜਾਬ ਵਿਚ ਕੋਈ ਸਸਤਾ ਨਹੀਂ ਹੋਇਆ । ਇਸੇ ਤਰ੍ਹਾਂ ਕੀਤੇ ਜਾ ਰਹੇ ਹੋਰ ਅਨੇਕਾਂ ਦਾਅਵੇ ਸਰਾਸਰ ਝੂਠ ਦਾ ਪੁਲੰਦਾ ਹਨ। ਉਨ੍ਹਾਂ ਸਮੂਹ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਮੰਨੀਆਂ ਹੋਈਆਂ ਮੰਗਾਂ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਵੱਧ ਤੋਂ ਵੱਧ ਸੰਘਰਸ਼ ਦੇ ਮੈਦਾਨਾਂ ਆਉਣ।