Udaan News24

Latest Online Breaking News

ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਜਾ ਰਹੇ ਦਾਅਵੇ ਗਪੌੜ ਸੰਖ ਦੇ ਸਿਵਾਏ ਹੋਰ ਕੁਝ ਨਹੀਂ-ਬਲਵਿੰਦਰ ਸਿੰਘ ਭੂੰਦੜ

ਪੰਜਾਬ ਸਰਕਾਰ ਵੱਲੋਂ ਸੂਬੇ ਦੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਜਾ ਰਹੇ ਦਾਅਵੇ ਗਪੌੜ ਸੰਖ ਦੇ ਸਿਵਾਏ ਹੋਰ ਕੁਝ ਨਹੀਂ ਅਤੇ ਰਾਜਪਾਲ ਪੰਜਾਬ ਵੱਲੋਂ ਸਰਕਾਰ ਦੀ ਉਕਤ ਮਾਮਲੇ ਸਬੰਧੀ ਭੇਜੀ ਫਾਈਲ ਉਤੇ ਕੀਤੀ ਵਿਸ਼ੇਸ਼ ਟਿੱਪਣੀ ਵੀ ਇਸ ਦੀ ਤਸਦੀਕ ਕਰਦੀ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇੱਥੇ ਪੁੱਜੇ ਬਲਵਿੰਦਰ ਸਿੰਘ ਭੂੰਦੜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੋਈ ਵੀ ਸਰਕਾਰ ਜੇ ਸੂਬੇ ਵਿੱਚ ਸਬ ਤਹਿਸੀਲ ਬਣਾਉਣ ਦਾ ਵੀ ਐਲਾਨ ਕਰਦੀ ਹੈ ਤਾਂ ਉਸ ਨੂੰ ਦੱਸਣਾ ਪੈਂਦਾ ਹੈ ਕਿ ਉਸ ਲਈ ਵਿੱਤੀ ਪ੍ਰਬੰਧ ਕਿਵੇਂ ਹੋਣਗੇ।

ਉਨ੍ਹਾਂ ਕਿਹਾ ਕਿ ਸਿਰਫ ਵਾਹ-ਵਾਹ ਖੱਟਣ ਲਈ ਚੰਨੀ ਸਰਕਾਰ ਨੇ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਉਹ ਰਾਜਪਾਲ ਪੰਜਾਬ ਨੂੰ ਭੇਜੀ ਫਾਈਲ ਵਿੱਚ ਇਹ ਨਹੀਂ ਦੱਸ ਸਕੇ ਕਿ ਉਨ੍ਹਾਂ ਨੂੰ ਪੱਕੇ ਕਰਨ ਉਤੇ ਪੈਣ ਵਾਲੇ ਵਿੱਤੀ ਖਰਚਿਆਂ ਲਈ ਉਨ੍ਹਾਂ ਨੇ ਕੀ ਪ੍ਰਬੰਧ ਕੀਤੇ ਹਨ ਅਤੇ ਇਹੀ ਮਸਲਾ ਮਾਣਯੋਗ ਰਾਜਪਾਲ ਪੰਜਾਬ ਨੇ ਸਰਕਾਰ ਨੂੰ ਫਾਈਲ ਵਾਪਸ ਭੇਜਣ ਸਮੇਂ ਚੁੱਕਿਆ ਹੈ ਜਿਸ ਦਾ ਸਰਕਾਰ ਅਜੇ ਤੱਕ ਜਵਾਬ ਨਹੀਂ ਦੇ ਸਕੀ। ਭੂੰਦੜ ਨੇ ਕਿਹਾ ਕਿ ਸਾਢੇ ਚਾਰ ਸਾਲ ਖਜ਼ਾਨਾ ਖਾਲੀ ਹੈ ਕਹਿ ਕੇ ਕੰਮ ਸਾਰਦੀ ਰਹੀ ਪੰਜਾਬ ਸਰਕਾਰ ਦਾ ਖਜ਼ਾਨਾ ਹੁਣ ਕਿਸ ਤਰੀਕੇ ਨਾਲ ਭਰਿਆ। ਇਹ ਜਵਾਬ ਉਸ ਕੋਲ ਨਹੀਂ। ਇਸ ਲਈ ਉਹ ਸਿਰਫ ਐਲਾਨ ਕਰਕੇ ਕੰਮ ਚਲਾਉਣਾ ਚਾਹੁੰਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਦੀ ਪੰਜਾਬ ਫੇਰੀ ਬਾਰੇ ਭੂੰਦੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਰੈਲੀ ਦੌਰਾਨ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ, ਕਿਸਾਨਾਂ ਦੀਆਂ ਬੈਂਕ ਦੇਣਦਾਰੀਆਂ ਮੁਆਫ ਕਰਨ ਅਤੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦਾ ਐਲਾਨ ਕਰਕੇ ਜਾਣ। ਇਸ ਮੌਕੇ ਉਹਨਾਂ ਨਾਲ ਅਮਰੀਕ ਸਿੰਘ ਕੋਟਸਮੀਰ ਮੈਂਬਰ ਸ਼੍ਰੋਮਣੀ ਕਮੇਟੀ ਵੀ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!