ਚੋਣ ਜ਼ਾਬਤਾ ਲੱਗਣ ਉਪਰੰਤ ਪੁਲਿਸ ਵਿਭਾਗ ਵਲੋਂ ਵੀ ਸੁਰੱਖਿਆ ਪ੍ਰਬੰਧ ਕਰੜੇ ਬੀਐਸਐਫ ਅਤੇ ਸੀਆਰਪੀਐਫ ਦੇ ਕਰੀਬ 300 ਜਵਾਨ ਪਹੁੰਚੇ ਬਠਿੰਡਾ
ਬਠਿੰਡਾ : 2022 ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ, ਚੋਣ ਜ਼ਾਬਤਾ ਲੱਗਣ ਉਪਰੰਤ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ਲਈ ਪੁਲਿਸ ਵਿਭਾਗ ਵਲੋਂ ਵੀ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਜਾ ਰਹੇ ਹਨ, ਜਿਥੇ ਬੀਐਸਐਫ ਅਤੇ ਸੀਆਰਪੀਐਫ ਦੇ ਕਰੀਬ 300 ਜਵਾਨ ਵਿਸ਼ੇਸ਼ ਰੇਲ ਗੱਡੀ ਰਾਹੀਂ ਬਠਿੰਡਾ ਪਹੁੰਚ ਚੁੱਕੇ ਹਨ ,ਜਿਨ੍ਹਾਂ ਨੂੰ ਪੁਲੀਸ ਵਿਭਾਗ ਵੱਲੋਂ ਚੱਪੇ ਚੱਪੇ ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ਵਿੱਚ 6 ਵਿਧਾਨ ਸਭਾ ਹਲਕੇ ਪੈਂਦੇ ਹਨ ,ਜਿਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਦੇ ਹਜ਼ਾਰਾਂ ਜਵਾਨ ਸਮੇਤ 35 ਟੁਕੜੀਆਂ ਦੇ ਕਰੀਬ 3500 ਬੀਐਸਐਫ ਅਤੇ ਸੀਆਰਪੀਐਫ ਦੇ ਜਵਾਨ ਇਨ੍ਹਾਂ ਚੋਣਾਂ ਵਿੱਚ ਸੁਰੱਖਿਆ ਦੀ ਡਿਊਟੀ ਨਿਭਾਉਣਗੇ।
ਆਈਜੀ ਬਠਿੰਡਾ ਜ਼ੋਨ ਜਸਕਰਨ ਸਿੰਘ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ 3 ਟੁਕੜੀਆਂ ਦੇ ਕਰੀਬ 300 ਮੁਲਾਜ਼ਮ ਬਠਿੰਡਾ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਇਮ ਰੱਖਣ ਲਈ ਪੂਰੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ,35 ਟੁਕੜੀਆਂ ਦੀ ਮੰਗ ਕੀਤੀ ਗਈ ਹੈ ਤੇ ਸਾਰੇ ਮੁਲਾਜ਼ਮ ਜਲਦੀ ਬਠਿੰਡਾ ਦੇ ਪੂਰੇ ਏਰੀਏ ਵਿਚ ਤੈਨਾਤ ਕਰ ਦਿੱਤੇ ਜਾਣਗੇ ।ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 75 ਫੀਸਦੀ ਹਥਿਆਰ ਜਮ੍ਹਾ ਕਰਵਾ ਲਏ ਗਏ ਹਨ ਤੇ 65 ਜਗ੍ਹਾ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਮਾਹੌਲ ਖ਼ਰਾਬ ਕਰਨ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ ,ਕਵਿਡ ਦੇ ਨਿਯਮਾਂ ਅਨੁਸਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪੂਰੀ ਪਹਿਰੇਦਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਨਾਲ ਲਗਦੀ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ਤੇ ਵੀ ਚੌਕਸੀ ਵਧਾਈ ਗਈ ਹੈ ਸ਼ਹਿਰ ਵਿੱਚ ਵੀ ਗਸ਼ਤ ਨੂੰ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦਾਡਰ ਜਾਂ ਭੈਅ ਦਾ ਮਾਹੌਲ ਨਾ ਬਣੇ ਅਤੇ ਅਮਨ ਅਮਾਨ ਨਾਲ ਚੋਣਾ ਨੂੰ ਨੇਪਰੇ ਚਾੜ੍ਹਿਆ ਜਾ ਸਕੇ।ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਕੇਸਾਂ ਵਿਚ ਨਾਮੀ ਗੈਂਗਸਟਰਾਂ ਅਤੇ ਹੋਰ ਜੁਰਮ ਵਿੱਚ ਸ਼ਾਮਲ ਵਿਅਕਤੀਆਂ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ । ਉਨ੍ਹਾਂ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪੁਲੀਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਵਿਅਕਤੀ ਜਾਂ ਲਾਵਾਰਸ ਵਸਤੂ ਸਬੰਧੀ ਤੁਰੰਤ ਪੁਲਸ ਨੂੰ ਸੂਚਨਾ ਦੇਣ ।