ਪੰਜਾਬੀ ਗਾਇਕਾ ਅਫਸਾਨਾ ਗਾਇਕ ਦੇ ਵਿਆਹ ਚ ਇੱਕ ਵਾਰ ਮੁੜ ਪਿਆ ਖਲਲ
ਪੰਜਾਬੀ ਗਾਇਕਾ ਅਫਸਾਨਾ ਗਾਇਕ ਦੇ ਵਿਆਹ ਵਿੱਚ ਇੱਕ ਵਾਰ ਮੁੜ ਖਲਲ ਪੈਂਦੀ ਨਜ਼ਰ ਆ ਰਹੀ ਹੈ। ਹੁਣ ਗਾਇਕਾ ਦੇ ਮੰਗੇਤਰ ਸਾਜਨ ਸ਼ਰਮਾ ਉਰਫ ਸਾਜ ਵਿਰੁੱਧ ਮੋਹਾਲੀ ਅਦਾਲਤ ਵਿੱਚ ਪਟੀਸ਼ਨ ਦਰਜ ਕੀਤੀ ਗਈ ਹੈ ਅਤੇ ਵਿਆਹ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ ਛੱਤੀਸਗੜ੍ਹ ਦੀ ਇੱਕ ਅਨੁਗ੍ਰਹਿ ਰੰਜਨ ਨਾਂਅ ਦੀ ਔਰਤ ਵੱਲੋਂ ਦਾਖਲ ਕੀਤੀ ਞਈ ਹੈ, ਜਿਸ ਦਾ ਦੋਸ਼ ਹੈ ਕਿ ਅਫਸਾਨਾ ਦੇ ਮੰਗੇਤਰ ਸਾਜਨ ਸ਼ਰਮਾ ਨੇ ਉਸ ਕੋਲੋਂ ਧੋਖੇ ਨਾਲ ਤਲਾਕ ਲਿਆ ਸੀ।ਔਰਤ ਦਾ ਦੋਸ਼ ਹੈ ਕਿ ਸਾਜਨ ਸ਼ਰਮਾ ਉਰਫ਼ ਸਾਜ ਨਾਲ ਉਸ ਦਾ ਵਿਆਹ 7 ਸਾਲ ਪਹਿਲਾਂ 2014 ਵਿੱਚ ਹੋਇਆ ਸੀ, ਜਿਸ ਤੋਂ ਉਨ੍ਹਾਂ ਦੀ ਇੱਕ ਲੜਕੀ ਵੀ ਹੈ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਬਿੱਗ ਬੌਸ 15 ਵਿੱਚ ਜਾਣ ਲਈ ਗਾਇਕਾ ਅਫਸਾਨਾ ਖਾਨ ਨੇ ਵਿਆਹ ਟਾਲ ਦਿੱਤਾ ਸੀ, ਜਿਸ ਪਿੱਛੋਂ ਹੁਣ ਇਹ ਰੁਕਾਵਟ ਨੇ ਵਿਆਹ ਵਿੱਚ ਖਲਲ ਪਾਉਣੀ ਸ਼ੁਰੂ ਕੀਤੀ ਹੈ। ਔਰਤ ਨੇ ਕਿਹਾ ਕਿ ਉਸ ਨੂੰ ਸਾਜ ਦੇ ਵਿਆਹ ਬਾਰੇ ਦਸੰਬਰ 2021 ਵਿੱਚ ਪਤਾ ਲੱਗਿਆ, ਜਦੋਂ ਉਸ ਨੇ ਸਾਜ ਨੂੰ ਫੋਨ ਮਿਲਾਇਆ ਤਾਂ ਉਸ ਨੇ ਫੋਨ ਨਹੀਂ ਚੁਕਿਆ। ਉਸ ਨੇ ਕਿਹਾ ਕਿ ਇਸ ਪਿੱਛੋਂ ਜਦੋਂ ਉਸ ਨੇ ਰਿਸ਼ਤੇਦਾਰਾਂ ਕੋਲੋਂ ਪੁੱਛਗਿਛ ਕੀਤੀ ਤਾਂ ਪਤਾ ਲੱਗਿਆ ਕਿ ਸਾਜ ਨੇ ਉਸ ਕੋਲੋਂ ਮੋਹਾਲੀ ਅਦਾਲਤ ਰਾਹੀਂ 2019 ਵਿੱਚ ਤਲਾਕ ਲੈ ਲਿਆ ਹੈ। ਔਰਤ ਨੇ ਮੋਹਾਲੀ ਅਦਾਲਤ ਵਿੱਚ ਪਟੀਸ਼ਨ ਦਾਖਲ ਕਰਕੇ ਅਫਸਾਨਾ ਖਾਨ ਅਤੇ ਸਾਜਨ ਸ਼ਰਮਾ ਦੇ ਵਿਆਹ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ, ਜਿਸ ‘ਤੇ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਪਟੀਸ਼ਨ ‘ਤੇ ਸੁਣਵਾਈ ਲਈ 18 ਜਨਵਰੀ ਦੀ ਤਰੀਕ ਨਿਰਧਾਰਤ ਕੀਤੀ ਹੈ।