ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਜਸਵਿੰਦਰ ਸਿੰਘ ਧਾਲੀਵਾਲ, ਭਾਜਪਾ ਚ ਸ਼ਾਮਲ
ਚੰਡੀਗੜ੍ਹ: ਲੰਘੇ ਦਿਨ ਜਿਥੇ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋਏ, ਉਥੇ ਕਾਂਗਰਸ ਨੂੰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਜਸਵਿੰਦਰ ਸਿੰਘ ਧਾਲੀਵਾਲ, ਭਾਜਪਾ (BJP) ਵਿੱਚ ਸ਼ਾਮਲ ਹੋ ਗਿਆ। ਭਾਜਪਾ ਵੱਲੋਂ ਕਾਂਗਰਸ ਵਿੱਚ ਇਹ ਵੱਡੀ ਸੰਨ੍ਹ ਲਾਈ ਗਈ ਹੈ। ਇਸਤੋਂ ਪਹਿਲਾਂ ਬੀਤੇ ਦਿਨ ਟੌਹੜਾ ਪਰਿਵਾਰ ਨੇ ਭਾਜਪਾ ਵਿੱਚ ਸ਼ਮੂਲੀਅਤ ਕਰਕੇ ਅਕਾਲੀ ਦਲ ਨੂੰ ਝਟਕਾ ਦਿੱਤਾ ਸੀ। ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਿਆਸੀ ਪਾਰਟੀਆਂ ਨੂੰ ਛੱਡ ਕੇ ਕਈ ਦਿੱਗਜ ਆਗੂ ਭਾਜਪਾ ‘ਚ ਸ਼ਾਮਲ ਹੋਏ। ਇਸ ਮੌਕੇ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਜਿਹਨਾਂ ਨੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਦਾ ਪਾਰਟੀ ਦੇ ਸਿਰੋਪੇ ਪਹਿਨਾ ਕੇ ਸਵਾਗਤ ਕੀਤਾ। ਇਸ ਦੌਰਾਨ ਭਾਜਪਾ ਦੇ ਸਮੂਹ ਮੈਂਬਰਾਂ ਨੇ ਇਕਜੁੱਟ ਹੋ ਕੇ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਦੇ ਨਾਅਰੇ ਨਾਲ ਭਾਜਪਾ ਦੀ ਸਰਕਾਰ ਬਣਾਉਣ ਦੀ ਸਹੁੰ ਚੁੱਕੀ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਗਠਜੋੜ ਕੀਤਾ ਗਿਆ ਹੈ।
ਇਸਤੋਂ ਇਲਾਵਾ ਲਖਵਿੰਦਰ ਕੌਰ ਗਰਚਾ (ਸਾਬਕਾ ਓ.ਐਸ.ਡੀ. ਮੁੱਖ ਮੰਤਰੀ) ਅਤੇ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਜ਼ਿਲ੍ਹਾ ਮੋਗਾ ਦੇ ਸਾਬਕਾ ਮੀਤ ਪ੍ਰਧਾਨ ਰਣਵੀਰ ਸਿੰਘ ਰਣੀਆ ਸਮੇਤ ਕਈ ਸਿਆਸੀ ਪਾਰਟੀਆਂ ਦੇ ਆਗੂ ਭਾਜਪਾ ਵਿੱਚ ਹੋਏ ਸ਼ਾਮਲ। ਇਸ ਨਾਲ ਹੀ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਤੇ ਕਾਂਗਰਸ ਕਮੇਟੀ ਸਮਾਣਾ ਦੇ ਮੀਤ ਪ੍ਰਧਾਨ ਬੇਅੰਤ ਸਿੰਘ, ਸਰਹਦੀ ਵੇਅਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਸਾਬਕਾ ਪ੍ਰਧਾਨ ਕੈਪਟਨ ਅਮਨਦੀਪ ਸਿੰਘ, ਸੇਵਾਮੁਕਤ ਲੈਫਟੀਨੈਂਟ ਕਰਨਲ ਗੁਰਪ੍ਰਕਾਸ਼ ਸਿੰਘ ਵਿਰਕ (ਮੁਹਾਲੀ), ਅਕਾਲੀ ਦਲ ਪੰਜਾਬ ਦੇ ਸੰਯੁਕਤ ਸਕੱਤਰ ਅਤੇ ਪੰਜਾਬ ਰਾਏ ਸਿੱਖ (ਐਸ.ਸੀ.) ਸੁਧਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪੂਰਨ ਚੰਦ (ਫਾਜ਼ਿਲਕਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੀ.ਏ. ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਤੁੰਗ, ਬਸਪਾ ਆਗੂ ਚੌਧਰੀ ਅਰਜੁਨ ਸਿੰਘ ਕਾਂਸਲ (ਮੁਹਾਲੀ), ਡਾਇਰੈਕਟਰ ਪੰਜਾਬ ਮੰਡੀ ਬੋਰਡ ਅਤੇ ਆਲ ਇੰਡੀਆ ਜਾਟ ਮਹਾਸਭਾ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ (ਮੁਹਾਲੀ) ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਤੇ ਹੋਰ ਜਥੇਬੰਦੀਆਂ ਦੇ 68 ਆਗੂ ਆਪਣੇ ਸਾਥੀਆਂ ਸਮੇਤ ਭਾਜਪਾ ਪਰਿਵਾਰ ’ਚ ਸ਼ਾਮਲ ਹੋਏ ਹਨ।