ਬਲਵੀਰ ਸਿੰਘ ਰਾਜੇਵਾਲ ਅਤੇ ਕਿਸਾਨ ਆਗੂ ਗਰੁਨਾਮ ਸਿੰਘ ਚਡੂਨੀ ਵਿਚਾਲੇ ਵਿਗੜੀ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਕਿਸਾਨ ਆਗੂ ਗਰੁਨਾਮ ਸਿੰਘ ਚਡੂਨੀ ਵਿਚਾਲੇ ਬਣਨ ਤੋਂ ਪਹਿਲਾਂ ਹੀ ਵਿਗੜ ਦਾ ਮਾਮਲਾ ਸਾਹਮਣੇ ਆਇਆ ਹੈ। ਚਡੂਨੀ ਨੇ ਕਿਹਾ ਕਿ ਰਾਜੇਵਾਲ ਮੈਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ‘ਸੰਯੁਕਤ ਸਮਾਜ ਮੋਰਚਾ’ ਵਿੱਚ 25 ਸੀਟਾਂ ਮੰਗੀਆਂ ਤੇ ਉਹ ਸਿਰਫ਼ 9 ਹੀ ਦੇ ਰਹੇ ਹਨ। ਚਡੂਨੀ ਨੇ ਰਾਜੇਵਾਲ ਨੂੰ ਅੱਜ ਸ਼ਾਮ ਤੱਕ ਦਾ ਵਕਤ ਦਿੱਤਾ ਹੈ, ਨਹੀਂ ਤਾਂ ਇਕੱਲੇ ਹੀ ਮੈਦਾਨ ਵਿੱਚ ਉੱਤਰਨ ਨੂੰ ਤਿਆਰ ਹਨ। ਇਸ ਦੇ ਨਾਲ ਹੀ ਚਡੂਨੀ ਨੇ ਕਿਹਾ ਕਿ ਰਾਜੇਵਾਲ ਆਮ ਆਦਮੀ ਪਾਰਟੀ ਤੋਂ ਚੋਣ ਲੜਨਾ ਚਾਹੁੰਦੇ ਸਨ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਫਿਰ ਆਪਣਾ ਰੁਖ ਬਦਲ ਲਿਆ। ਕਿਸਾਨ ਆਗੂ ਗਰੁਨਾਮ ਸਿੰਘ ਚਡੂਨੀ ਨੇ ਕਿਹਾ ਕਿ ਅਸੀਂ ਅੰਦੋਲਨ ਵਿੱਚ ਆਪਣਾ ਪੂਰਾ ਹਿੱਸਾ ਪਾਇਆ ਤਾਂ ਮੇਰੇ ਅੱਗੇ ਵਧ ਕੇ ਅੰਦੋਲਨ ਲੜਣ ਤੋਂ ਰਾਜੇਵਾਲ ਨਾਰਾਜ ਸਨ। ਕਈ ਵਾਰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ। ਅੰਦੋਲਨ ਦੇ ਦੌਰਾਨ ਕਈ ਵਾਰ ਨਜ਼ਰਅੰਦਾਜ਼ ਕੀਤਾ ਗਿਆ। ਮਿਸ਼ਨ ਪੰਜਾਬ ਦੀ ਗੱਲ ਕਰਨ ‘ਤੇ ਮੈਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਕੱਢਿਆ ਗਿਆ।
ਉਨ੍ਹਾਂ ਕਿਹਾ ਕਿ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਰਾਜੇਵਾਲ ਚੋਣ ਲੜਨ ਲਈ ਤਿਆਰ ਹੋਏ ਪਰ ਚੋਣਾਂ ਵਿੱਚ ਵੀ ਸਾਡੇ ਨਾਲ ਇਕੱਠੇ ਹੋ ਕੇ ਚੱਲਣਾ ਚਾਹੀਦਾ ਸੀ। ਅਸੀ ਸਮਝੌਤੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। 9 ਜਨਵਰੀ ਨੂੰ ਅਸੀਂ ਸੰਯੁਕਤ ਸਮਾਜ ਮੋਰਚਾ ਕੋਲ ਸਮਝੌਤੇ ਲਈ ਗਏ ਸੀ ਤੇ ਸਾਨੂੰ 9 ਸੀਟਾਂ ਦੇ ਰਹੇ ਹਨ ਜਦਕਿ ਸਾਡੇ ਨਾਲ ਕਈ ਕਿਸਾਨ ਦਲ ਤੇ ਹੋਰ ਯੂਨੀਅਨਾਂ ਹਨ। ਕਿਸਾਨ ਆਗੂ ਨੇ ਕਿਹਾ ਕਿ ਰਾਜੇਵਾਲ ਸਾਨੂੰ ਅਗਲ ਕਦਮ ਚੁੱਕਣ ਲਈ ਮਜ਼ਬੂਰ ਕਰ ਰਹੇ ਹਨ। ਮੈਂ ਕੱਲ ਵੀ ਰਾਜੇਵਾਲ ਨਾਲ ਗੱਲਬਾਤ ਕੀਤੀ ਸੀ ਕਿ ਸਾਨੂੰ 25 ਸੀਟਾਂ ਚਾਹੀਦੀਆਂ ਹਨ। ਜੇਕਰ ਇਹ ਸੀਟਾਂ ਨਹੀਂ ਮਿਲੀਆਂ ਤਾਂ ਸਾਨੂੰ ਅਲੱਗ ਤੋਂ ਉਮੀਦਵਾਰ ਉਤਾਰਨੇ ਪੈਣਗੇ। ਉਧਰ ਕੱਲ੍ਹ ਆਪ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਯੁਕਤ ਸਮਾਜ ਮੋਰਚੇ ਨਾਲ ਗਠਜੋੜ ਨਾ ਹੋਣ ਤੇ ਖੁੱਲ੍ਹ ਕੇ ਗੱਲ ਕੀਤੀ। ਕੇਜਰੀਵਾਲ ਮੁਤਾਬਕ ਰਾਜੇਵਾਲ ਜ਼ਿਆਦਾ ਸੀਟਾਂ ਮੰਗ ਰਹੇ ਸਨ, ਜਿਸ ਕਰਕੇ ਗੱਲ ਨਹੀਂ ਬਣੀ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕਿਸਾਨਾਂ ਦੇ ਵੱਖ ਲੜਨ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ।
ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗਠਿਤ ਸਿਆਸੀ ‘ਸੰਯੁਕਤ ਸਮਾਜ ਮੋਰਚਾ’ ਨੇ ਬੁੱਧਵਾਰ ਨੂੰ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸਮਰਾਲਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਰਾਜੇਵਾਲ ਸੰਯੁਕਤ ਸਮਾਜ ਮੋਰਚਾ (SSM) ਦੀ ਅਗਵਾਈ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ। ਸੂਚੀ ਅਨੁਸਾਰ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਰਵਨੀਤ ਸਿੰਘ ਬਰਾੜ ਮੋਹਾਲੀ ਅਤੇ ਡਾ: ਸੁਖਮਨਦੀਪ ਸਿੰਘ ਤਰਨਤਾਰਨ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਕਰਤਾਰਪੁਰ ਤੋਂ ਰਾਜੇਸ਼ ਕੁਮਾਰ, ਫਿਲੌਰ ਤੋਂ ਅਜੈ ਕੁਮਾਰ, ਜੈਤੋਂ ਤੋਂ ਰਮਨਦੀਪ ਸਿੰਘ, ਕਾਦੀਆਂ ਤੋਂ ਬਲਰਾਜ ਸਿੰਘ ਅਤੇ ਮੋਗਾ ਵਿਧਾਨ ਸਭਾ ਸੀਟ ਤੋਂ ਡਾਕਟਰ ਨਵਦੀਪ ਸਿੰਘ ਨੂੰ ਮੋਰਚਾ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ।