Udaan News24

Latest Online Breaking News

ਬਾਬਾ ਫ਼ਰੀਦ ਕਾਲਜ ਨੇ ‘ਮਹਾਂਮਾਰੀ ਦੇ ਦੌਰਾਨ ਮਾਨਸਿਕ ਸਿਹਤ ਅਤੇ ਤਣਾਓ’ ਬਾਰੇ ਇੱਕ ਅੰਤਰਰਾਸ਼ਟਰੀ ਵੈਬੀਨਾਰ ਆਨਲਾਈਨ ਕਰਵਾਇਆ

ਬਠਿੰਡਾ, 13 ਜਨਵਰੀ- ਬਾਬਾ ਫ਼ਰੀਦ ਕਾਲਜ ਦੇ ਬਾਇਉਟੈਕਨਾਲੋਜੀ ਅਤੇ ਮੈਡੀਕਲ ਸਾਇੰਸਜ਼ ਵਿਭਾਗ ਨੇ ਫੈਕਲਟੀ ਆਫ਼ ਸਾਇੰਸਜ਼ ਦੇ ਸਹਿਯੋਗ ਨਾਲ ਆਨਲਾਈਨ ਪਲੇਟਫ਼ਾਰਮ (ਯੂ.ਟਿਊਬ) ਰਾਹੀਂ ‘ਮਹਾਂਮਾਰੀ ਦੌਰਾਨ ਮਾਨਸਿਕ ਸਿਹਤ ਅਤੇ ਤਣਾਓ’ ਵਿਸ਼ੇ ‘ਤੇ ਇੱਕ ਆਨਲਾਈਨ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਇਸ ਵੈਬੀਨਾਰ ਦਾ ਮੁੱਖ ਉਦੇਸ਼ ਮਾਨਸਿਕ ਸਿਹਤ ਦੇ ਮਹੱਤਵ ਬਾਰੇ ਸਮਝ ਪ੍ਰਦਾਨ ਕਰਨਾ ਸੀ ਜਿਸ ਵਿੱਚ ਸਾਡੀ ਮਨੋਵਿਗਿਆਨਕ, ਭਾਵਨਾਤਮਕ ਅਤੇ ਸਮਾਜਿਕ ਤੰਦਰੁਸਤੀ ਸ਼ਾਮਲ ਹੈ। ਇਸ ਸੈਸ਼ਨ ਵਿੱਚ ਜੇਨੇਵਾ, ਸਵਿਟਜ਼ਰਲੈਂਡ ਤੋਂ ਮਨੋਵਿਗਿਆਨ ਅਤੇ ਮਨੋਂ-ਚਿਕਿਤਸਾ ਦੀ ਮਾਹਿਰ ਡਾ. ਡਰੈਗਨਾ ਫੇਵਰੇ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸੈਸ਼ਨ ਦੀ ਸ਼ੁਰੂਆਤ ਵਿੱਚ ਬਾਬਾ ਫ਼ਰੀਦ ਕਾਲਜ ਦੇ ਡੀਨ (ਫੈਕਲਟੀ ਆਫ਼ ਸਾਇੰਸਜ਼) ਡਾ. ਜਾਵੇਦ ਅਹਿਮਦ ਖ਼ਾਨ ਨੇ ਮਹਿਮਾਨ ਬੁਲਾਰੇ ਦਾ ਸੁਆਗਤ ਕੀਤਾ ਅਤੇ ਸਾਰਿਆਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ। ਡਾ. ਖ਼ਾਨ ਨੇ ਕੋਵਿਡ-19 ਮਹਾਂਮਾਰੀ ਅਤੇ ਇਸ ਤੋਂ ਬਾਅਦ ਦੇ ਪ੍ਰਭਾਵਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਵਿਸ਼ੇ ਦੀ ਜਾਣ-ਪਛਾਣ ਬਾਰੇ ਵੀ ਦੱਸਿਆ।

ਡਾ. ਡਰੈਗਨਾ ਨੇ ਇਸ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਕੋਵਿਡ-19 ਮਹਾਂਮਾਰੀ ਦੇ ਮਹੱਤਵ ਬਾਰੇ ਦੱਸਿਆ, ਜਿਸ ਨੇ ਸਾਡੇ ਜੀਵਨ ਨੂੰ ਜਿਊਣ ਦੇ ਢੰਗ ਤਰੀਕੇ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਹਨ। ਇਸ ਦੇ ਨਾਲ ਕਈ ਵਾਰ, ਅਨਿਸਚਿਤਤਾ, ਬਦਲੇ ਹੋਏ ਰੋਜ਼ਾਨਾ ਦੇ ਕੰਮ, ਵਿੱਤੀ ਦਬਾਅ ਅਤੇ ਸਮਾਜਿਕ ਇਕਾਂਤਵਾਸ ਵਿੱਚ ਅਸੀਂ ਬਿਮਾਰ ਹੋਣ ਬਾਰੇ, ਮਹਾਂਮਾਰੀ ਕਿੰਨੀ ਦੇਰ ਤੱਕ ਰਹੇਗੀ, ਕੀ ਸਾਡੀ ਨੌਕਰੀ ਪ੍ਰਭਾਵਿਤ ਹੋਵੇਗੀ ਅਤੇ ਭਵਿੱਖ ਵਿੱਚ ਕੀ ਹੋਵੇਗਾ ਆਦਿ ਦੀ ਚਿੰਤਾ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਹੱਦ ਤੋਂ ਵੱਧ ਜਾਣਕਾਰੀ, ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਸਾਡੀ ਜ਼ਿੰਦਗੀ ਨੂੰ ਕਾਬੂ ਤੋਂ ਬਾਹਰ ਕਰ ਸਕਦੀ ਹੈ । ਆਪਣੀ ਪੇਸ਼ਕਾਰੀ ਵਿੱਚ ਮਹਾਂਮਾਰੀ ਤੋਂ ਬਾਅਦ ਦੇ ਪ੍ਰਭਾਵਾਂ ਨੂੰ ਪੇਸ਼ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮਹਾਂਮਾਰੀ ਤੋਂ ਬਾਅਦ ਅਸੀਂ ਤਣਾਅ, ਚਿੰਤਾ, ਡਰ, ਉਦਾਸੀ ਅਤੇ ਇਕੱਲਤਾ ਦਾ ਅਨੁਭਵ ਕਰ ਸਕਦੇ ਹਾਂ। ਚਿੰਤਾ ਅਤੇ ਉਦਾਸੀ ਨਾਲ ਮਾਨਸਿਕ ਸਿਹਤ ਸੰਬੰਧੀ ਵਿਕਾਰ ਬਾਅਦ ਵਿੱਚ ਹੋਰ ਵਿਗੜ ਸਕਦੇ ਹਨ। ਉੁਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ-19 ਮਹਾਂਮਾਰੀ  ਦੇ ਵਿਅਕਤੀਗਤ ਅਤੇ ਸਮੂਹਿਕ ਤੌਰ ‘ਤੇ ਸਿਹਤ, ਭਾਵਨਾਤਮਕ ਅਤੇ ਸਮਾਜਿਕ ਕਾਰਜਾਂ ਲਈ ਪ੍ਰਭਾਵ ਬਹੁਤ ਚਿੰਤਾਜਨਕ ਹਨ। ਡਾਕਟਰੀ ਦੇਖਭਾਲ ਪ੍ਰਦਾਨ ਕਰਨ ਤੋਂ ਇਲਾਵਾ, ਸਿਹਤ ਦੇਖਭਾਲ ਪ੍ਰਦਾਤਾਵਾਂ ਦੀ ਆਪਣੇ ਮਰੀਜ਼ਾਂ ਦੀਆਂ ਮਨੋਂ-ਸਮਾਜਿਕ ਲੋੜਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਮਨੋਂ-ਸਮਾਜਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਇੱਕ ਜ਼ਰੂਰੀ ਅਤੇ ਅਹਿਮ ਭੂਮਿਕਾ ਹੁੰਦੀ ਹੈ । ਉਨ੍ਹਾਂ ਨੇ ਚਰਚਾ ਕੀਤੀ ਕਿ ਸਿਹਤ ਪ੍ਰਣਾਲੀ ਦੀ ਅਗਵਾਈ ਕਰਨ ਵਾਲੇ, ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦੇਣ ਵਾਲੇ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਮਨੋਂ-ਸਮਾਜਿਕ ਮੁੱਦਿਆਂ ਬਾਰੇ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਅਤੇ ਐਮਰਜੈਂਸੀ ਪ੍ਰਬੰਧਨ ਭਾਈਚਾਰੇ ਨੂੰ ਮਾਨਸਿਕ ਸਿਹਤ ਆਫ਼ਤ, ਵਿਸ਼ੇਸ਼ ਆਬਾਦੀ ਦੀਆਂ ਲੋੜਾਂ, ਮੌਤ ਦੀ ਸੂਚਨਾ ਅਤੇ ਸੋਗ ਦੀ ਦੇਖਭਾਲ ਨਾਲ ਸਬੰਧਿਤ ਸਬੂਤ-ਆਧਾਰਿਤ ਸਰੋਤਾਂ ਦੀ ਪਛਾਣ ਕਰਨ, ਵਿਕਸਿਤ ਕਰਨ ਅਤੇ ਪ੍ਰਸਾਰਿਤ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਇਸ ਤੋਂ ਬਾਅਦ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਮਾਹਿਰ ਨੂੰ ਵਿਸ਼ੇ ਸੰਬੰਧੀ ਕਈ ਸਵਾਲ ਪੁੱਛੇ। ਡਾ. ਡਰੈਗਨਾ ਨੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਹੋਰ ਖੋਜ ਕਰਨ ਲਈ ਪ੍ਰੇਰਿਤ ਕਰਦਿਆਂ ਸਾਰਿਆਂ ਨੂੰ ਸਾਵਧਾਨੀਆਂ ਵਰਤਣ ਦਾ ਸੁਝਾਅ ਦਿੱਤਾ। ਸੈਸ਼ਨ ਦੇ ਅੰਤ ਵਿੱਚ ਬਾਇਉਟੈਕਨਾਲੋਜੀ ਅਤੇ ਮੈਡੀਕਲ ਸਾਇੰਸਜ਼ ਵਿਭਾਗ ਦੇ ਮੁਖੀ ਡਾ. ਰਿਤੂ ਪਵਨ ਨੇ ਮਹਿਮਾਨ ਬੁਲਾਰੇ ਡਾ. ਡਰੈਗਨਾ ਫੇਵਰੇ ਦਾ ਧੰਨਵਾਦ ਕੀਤਾ। ਇਸ ਸੈਸ਼ਨ ਲਈ ਵਿਦਿਆਰਥੀਆਂ ਦਾ ਪ੍ਰਤੀਕਰਮ ਵੀ ਬਹੁਤ ਸਕਾਰਾਤਮਿਕ ਰਿਹਾ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਹੋਰ ਸੈਸ਼ਨਾਂ ਦੀ ਮੰਗ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਇਸ ਉਪਰਾਲੇ ਲਈ ਬਾਇਉਟੈਕਨਾਲੋਜੀ ਅਤੇ ਮੈਡੀਕਲ ਸਾਇੰਸਜ਼ ਵਿਭਾਗ ਨੂੰ ਵਧਾਈ ਦਿੱਤੀ ਅਤੇ ਫੈਕਲਟੀ ਆਫ਼ ਸਾਇੰਸਜ਼ ਦੇ ਯਤਨਾਂ ਦੀ ਸ਼ਲਾਘਾ ਕੀਤੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!