ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪੰਜਾਬ ਦਾ ਟੈਲੇਂਟ ਅਤੇ ਪੈਸਾ ਬਾਹਰ ਜਾਣ ਤੋਂ ਰੋਕਿਆ ਜਾਵੇਗਾ-ਮਾਨ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ। ਮਾਨ ਨੇ ਐਤਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਨੌਜਵਾਨ ਸਿੱਧੀ ਨੌਕਰੀ ਜਾਂ ਆਪਣਾ ਕੋਈ ਨਵਾਂ ਕਾਰੋਬਾਰ ਕਰਦੇ ਸਨ। ਅੱਜ ਨੌਜਵਾਨ ਰੁਜ਼ਗਾਰ ਦੀ ਘਾਟ ਕਾਰਨ ਉੱਚ ਸਿੱਖਿਆ ਦੀ ਡਿਗਰੀ ਲੈ ਕੇ ਘਰ ਬੈਠੇ ਹਨ ਅਤੇ ਡਿਪਰੈਸ਼ਨ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਪੰਜਾਬ ਦਾ ਪੈਸਾ ਅਤੇ ਹੁਨਰ ਦੋਵੇਂ ਹੀ ਅਸਮਰੱਥ ਸਰਕਾਰਾਂ ਕਾਰਨ ਵਿਦੇਸ਼ਾਂ ਵਿੱਚ ਜਾ ਰਹੇ ਹਨ। ਪੰਜਾਬ ਦੀ ਤਰੱਕੀ ਲਈ ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਦਾ ਨਿਕਾਸ ਰੋਕਣਾ ਸਭ ਤੋਂ ਜ਼ਰੂਰੀ ਹੈ।ਕਾਂਗਰਸ ਦੀ ਆਲੋਚਨਾ ਕਰਦਿਆਂ ਮਾਨ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਨੌਜਵਾਨਾਂ ਦੀਆਂ ਵੋਟਾਂ ਲਈਆਂ ਪਰ ਸਰਕਾਰ ਬਣਨ ਤੋਂ ਬਾਅਦ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਉਨ੍ਹਾਂ ਦੇ ਵਿਧਾਇਕ, ਮੰਤਰੀ ਅਤੇ ਨੇਤਾਵਾਂ ਨੂੰ ਨੌਕਰੀ ਦਿੱਤੀ ਕਾਂਗਰਸ ਸਰਕਾਰ ਨੇ ਆਪਣੇ ਕਿਸੇ ਵਿਧਾਇਕ ਦੇ ਬੱਚੇ ਨੂੰ ਡੀਐਸਪੀ ਲਾਇਆ ਤਾਂ ਕਿਸੇ ਨੂੰ ਤਹਿਸੀਲਦਾਰ ਬਣਾ ਦਿੱਤਾ। ਰੁਜ਼ਗਾਰ ਨਾ ਮਿਲਣ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਵਤਨ ਛੱਡ ਕੇ ਵਿਦੇਸ਼ਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ।
ਆਪ (AAP) ਆਗੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਪੰਜਾਬ ਦੇ ਨਾਇਕਾਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਲੰਮਾ ਸੰਘਰਸ਼ ਕੀਤਾ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅੱਜ ਉਸ ਦੇ ਵਾਰਸ ਆਪਣੀ ਮਾਂ ਦੇ ਗਹਿਣੇ ਅਤੇ ਪਿਤਾ ਦੀ ਜਾਇਦਾਦ ਵੇਚ ਕੇ ਉਸੇ ਅੰਗਰੇਜ਼ ਕੋਲ ਕੰਮ ਕਰਨ ਜਾ ਰਹੇ ਹਨ। ਪਿਛਲੀਆਂ ਸਰਕਾਰਾਂ ਨੇ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਕਰ ਦਿੱਤਾ। ਮਾਨ ਨੇ ਕਿਹਾ ਕਿ ਜਲੰਧਰ ਦੇ ਬੱਸ ਸਟੈਂਡ ‘ਤੇ ਖੜ੍ਹੀਆਂ ਬੱਸਾਂ ‘ਤੇ ਆਇਲਜ਼ ਕੋਚਿੰਗ ਅਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੇ ਬੈਨਰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਬੱਸ ਅੰਮ੍ਰਿਤਸਰ-ਚੰਡੀਗੜ੍ਹ ਨਹੀਂ ਸਗੋਂ ਕੈਨੇਡਾ ਅਤੇ ਨਿਊਜ਼ੀਲੈਂਡ ਜਾ ਰਹੀ ਹੈ। ਪਰਵਾਸ ਕਰਕੇ ਕੈਨੇਡਾ ਹੁਣ ਪੰਜਾਬ ਬਣ ਗਿਆ ਹੈ। ਅੱਜ ਕੈਨੇਡਾ ਵਿੱਚ ਪੰਜਾਬ ਨਾਲੋਂ ਵੱਧ ਪੰਜਾਬੀ ਸੰਸਦ ਮੈਂਬਰ ਬਣ ਰਹੇ ਹਨ। ਪਰ ਉਹ ਸਾਰੇ ਮਜ਼ਬੂਰੀ ਵੱਸ ਉਥੇ ਗਏ ਹਨ। ਕੋਈ ਵੀ ਆਪਣੀ ਮਾਤ ਭੂਮੀ ਤੋਂ ਦੂਰ ਜਾਣ ਦਾ ਸ਼ੌਕ ਨਹੀਂ ਰੱਖਦਾ। ਲੱਖਾਂ ਪੰਜਾਬੀਆਂ ਨੂੰ ਬੇਰੁਜ਼ਗਾਰੀ ਅਤੇ ਸੁਰੱਖਿਆ ਦੀ ਘਾਟ ਕਾਰਨ ਪੰਜਾਬ ਛੱਡਣ ਲਈ ਮਜਬੂਰ ਹੋਣਾ ਪਿਆ।
ਮਾਨ ਨੇ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪੰਜਾਬ ਦਾ ਟੈਲੇਂਟ ਅਤੇ ਪੈਸਾ ਬਾਹਰ ਜਾਣ ਤੋਂ ਰੋਕਿਆ ਜਾਵੇਗਾ। ਅਸੀਂ ਪੰਜਾਬ ਵਿੱਚ ਰੁਜ਼ਗਾਰ ਅਤੇ ਕਾਰੋਬਾਰ ਦੇ ਭਰਪੂਰ ਮੌਕੇ ਪ੍ਰਦਾਨ ਕਰਾਂਗੇ। ਯੋਗਤਾ ਅਨੁਸਾਰ ਰੁਜ਼ਗਾਰ ਅਤੇ ਤਨਖ਼ਾਹ ਦੇ ਕੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਸਟਾਰਟ-ਅੱਪ ਅਤੇ ਸਹਿਯੋਗ ਦਾ ਮੌਕਾ ਮਿਲੇਗਾ, ਤਾਂ ਜੋ ਉਹ ਆਪਣੇ ਨਾਲ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦੇ ਸਕਣ। ਸਾਡਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਾ ਨਹੀਂ ਸਗੋਂ ਨੌਕਰੀ ਪ੍ਰਦਾਨ ਕਰਨ ਵਾਲਾ ਬਣਾਉਣਾ ਹੈ।