ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਚ 24 ਜਨਵਰੀ ਤੱਕ ਵਾਧਾ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਰੱਗਜ਼ ਕੇਸ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਦਿੱਤੀ ਰਾਹਤ ਬਰਕਰਾਰ ਰੱਖੀ ਹੈ। ਮਜੀਠੀਆ ਦੀ ਅੰਤਰਿਮ ਜ਼ਮਾਨਤ ਹੁਣ 24 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਉਹ ਹਾਈ ਕੋਰਟ ਦੇ ਹੁਕਮਾਂ ‘ਤੇ ਦੋ ਵਾਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋ ਚੁੱਕੇ ਹਨ। ਬਿਕਰਮ ਮਜੀਠੀਆ ਨੂੰ 10 ਜਨਵਰੀ ਨੂੰ ਅੰਤਰਿਮ ਜ਼ਮਾਨਤ ਮਿਲੀ ਸੀ, ਜਿਸ ਵਿੱਚ ਹਾਈਕੋਰਟ ਨੇ ਕੁਝ ਸ਼ਰਤਾਂ ਵੀ ਲਗਾਈਆਂ ਹਨ। ਇਨ੍ਹਾਂ ਵਿੱਚ ਉਨ੍ਹਾਂ ਨੂੰ ਵਿਦੇਸ਼ ਨਾ ਜਾਣ, ਕੇਸ ਨਾਲ ਸਬੰਧਤ ਕਿਸੇ ਵੀ ਵਿਅਕਤੀ ਨਾਲ ਸੰਪਰਕ ਨਾ ਕਰਨ, ਆਪਣਾ ਮੋਬਾਈਲ ਨੰਬਰ ਜਾਂਚ ਟੀਮ ਨੂੰ ਦੇ ਕੇ 24 ਘੰਟੇ ਖੁੱਲ੍ਹਾ ਰੱਖਣ ਅਤੇ ਵ੍ਹਾਟਸਐਪ ਨੰਬਰ ਵੀ ਸਾਂਝਾ ਕਰਨ ਲਈ ਕਿਹਾ ਗਿਆ ਸੀ। ਹਾਈ ਕੋਰਟ ਨੇ ਉਨ੍ਹਾਂ ਨੂੰ ਦੋ ਦਿਨ ਬਾਅਦ ਹੀ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਮਜੀਠੀਆ 3 ਵਾਰ ਉਥੇ ਪੇਸ਼ ਹੋ ਚੁੱਕੇ ਹਨ। ਡਰੱਗਸ ਮਾਮਲੇ ਵਿੱਚ ਮਜੀਠੀਆ ‘ਤੇ ਕੀਤੀ ਗਈ ਐੱਫ.ਆਈ.ਆਰ. ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਅਜਿਹਾ ਕੀਤਾ ਹੈ।