ਵਿਧਾਨ ਸਭਾ ਚੋਣਾਂ-2022 ਕੋਵਿਡ ਪ੍ਰੋਟੋਕਾਲ ਤਹਿਤ ਹੀ ਜਾਣਗੀਆਂ ਕਰਵਾਈਆਂ: ਡਿਪਟੀ ਕਮਿਸ਼ਨਰ

ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਹੋਈ ਪਹਿਲੀ ਰੈਂਡੇਮਾਈਜੇਸ਼ਨ
ਬਠਿੰਡਾ, 18 ਜਨਵਰੀ – ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਬਠਿੰਡਾ ਅਰਵਿੰਦਪਾਲ ਸਿੰਘ ਸੰਧੂ ਦੀ ਦੇਖ ਰੇਖ ਹੇਠ ਵਿਧਾਨ ਸਭਾ ਚੋਣਾਂ-2022 ਦੌਰਾਨ ਵਰਤੀਆਂ ਜਾਣ ਵਾਲੀਆਂ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਵੱਖ-ਵੱਖ ਰਾਜੀਨਿਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ, ਵਿਧਾਨ ਸਭਾ ਹਲਕਾ ਵਾਈਜ਼ ਪਹਿਲੀ ਰੈਂਡੇਮਾਈਜ਼ੇਸ਼ਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ । ਇਸ ਮੌਕੇ ਆਰ.ਓ ਬਠਿੰਡਾ ਦਿਹਾਤੀ ਡਾ.ਆਰ.ਪੀ ਸਿੰਘ ਅਤੇ ਆਰ.ਓ ਭੁੱਚੋ ਸ੍ਰੀ ਬਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੋਜੂਦ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਸੰਧੂ ਨੇ ਦੱਸਿਆ ਕਿ ਜ਼ਿਲੇੇ ਵਿਚ ਪੈਂਦੇ ਛੇਂ ਵਿਧਾਨ ਸਭਾ ਹਲਕਿਆਂ (90-ਰਾਮਪੁਰਾ, 91-ਭੁੱਚੋ, 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ, 94-ਤਲਵੰਡੀ ਸਾਬੋ ਅਤੇ 95-ਮੌੜ) ਵਿੱਚ ਵਰਤੀਆਂ ਜਾਣ ਵਾਲੀਆਂ ਬਿਜਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਦੌਰਾਨ ਪੋਲਿੰਗ ਬੂਥ ’ਤੇ ਕਿਹੜੀ ਮਸ਼ੀਨ (ਕੰਟਰੋਲ ਯੂਨਿਟ, ਬੈਲਟ ਯੂਨਿਟ ਤੇ ਵੀ.ਵੀ.ਪੈਟ) ਦੀ ਵਰਤੋਂ ਕਰਨ ਸਬੰਧੀ ਰੈਂਡੇਮਾਈਜੇਸ਼ਨ ਕੀਤੀ ਗਈ ਹੈ, ਜਿਸ ਸਬੰਧੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸਹਿਮਤੀ ਪ੍ਰਗਟਾਈ ਗਈ।ਇਸ ਦੌਰਾਨ ਡਿਪਟੀ ਕਮਿਸ਼ਨਰ ਸ.ਸੰਧੂ ਵੱਲੋਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੀਆਂ ਦੀ ਮੌਜੂਦਗੀ ਵਿੱਚ ਪਹਿਲੀ ਰੈਂਡੇਮਾਈਜੇਸ਼ਨ ਉਪਰੰਤ ਵਿਧਾਨ ਸਭਾ ਹਲਕਾ ਭੁੱਚੋ ਅਤੇ ਬਠਿੰਡਾ ਦਿਹਾਤੀ ਦੇ ਆਰ.ਓਜ਼ ਨੂੰ ਬਿਜਲਈ ਵੋਟਿੰਗ ਮਸ਼ੀਨਾਂ ਸੌਂਪੀਆਂ ਗਈਆਂ।ਇਸੇ ਤਰਾਂ ਬਾਕੀ ਰਹਿੰਦੇ 4 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਜਿਵੇਂ ਕਿ ਤਲਵੰਡੀ ਸਾਬੋ ਤੇ ਮੌੜ ਨਾਲ ਸਬੰਧਤ ਆਰ.ਓਜ਼ ਨੂੰ ਮਿਤੀ 19 ਜਨਵਰੀ 2022 ਅਤੇ ਬਠਿੰਡਾ ਸ਼ਹਿਰੀ ਤੇ ਰਾਮਪੁਰਾ ਫੂਲ ਨਾਲ ਸਬੰਧਤ ਆਰ.ਓਜ਼ ਨੂੰ 20 ਜਨਵਰੀ 2022 ਨੂੰ ਬਿਜਲਈ ਵੋਟਿੰਗ ਮਸ਼ੀਨਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸੌਂਪੀਆਂ ਜਾਣਗੀਆਂ। ਇਸ ਤੋਂ ਪਹਿਲਾਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸਡਿਊਲ ਅਨੁਸਾਰ ਵਿਧਾਨ ਸਭਾ ਚੋਣਾਂ 2022 ਹੁਣ 14 ਫਰਵਰੀ 2022 ਦੀ ਬਜਾਏ 20 ਫਰਵਰੀ 2022 ਨੂੰ ਹੋਣਗੀਆਂ, ਜਦਕਿ ਵੋਟਾਂ ਦੇ ਨਤੀਜੇ 10 ਮਾਰਚ 2022 ਨੂੰ ਹੀ ਐਲਾਨੇ ਜਾਣਗੇ। 25 ਜਨਵਰੀ 2022 ਨੰੂ ਨੋਟੀਫਿਕੇਸ਼ਨ ਜਾਰੀ ਹੋਵੇਗਾ, ਨਾਮਜਦਗੀ ਭਰਨ ਦੀ ਆਖਰੀ ਮਿਤੀ 1 ਫਰਵਰੀ 2022 ਹੋਵੇਗੀ। ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ 2022 ਨੂੰ ਕੀਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਉਮੀਦਵਾਰੀ ਵਾਪਿਸ ਲੈਣ ਲਈ 4 ਫਰਵਰੀ 2022 ਨਿਸ਼ਚਿਤ ਕੀਤੀ ਗਈ ਹੈ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ-2022 ਕੋਵਿਡ ਪ੍ਰੋਟੋਕਾਲ ਤਹਿਤ ਹੀ ਕਰਵਾਈਆਂ ਜਾਣਗੀਆਂ। ਜ਼ਿਲਾ ਚੋਣ ਅਫ਼ਸਰ ਸ.ਸੰਧੂ ਨੇ ਇਸ ਦੌਰਾਨ ਮੌਜੂਦ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਵੀ ਖਾਸ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਤੋ ਇਲਾਵਾ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਤੋਂ ਜ਼ਿਲਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਕਰੋਨਾ ਵੈਕਸ਼ੀਨੇਸ਼ਨ ਕਰਵਾਉਣ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ। ਇਸ ਮੌਕੇ ਜ਼ਿਲਾ ਟ੍ਰੇਨਿੰਗ ਕੁਆਰਡੀਨੇਟਰ ਗੁਰਦੀਪ ਸਿੰਘ ਮਾਨ, ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।