ਕਾਂਗਰਸ ਦੇ ਚਾਰ ਲੀਡਰਾਂ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖ਼ਿਲਾਫ ਖੋਲਿਆ ਮੋਰਚਾ
ਵਿਧਾਨ ਸਬਾ ਚੋਣਾਂ ਸਿਰ ‘ਤੇ ਹਨ ਤੇ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਅਜੇ ਵੀ ਜਾਰੀ ਹੈ। ਕਾਂਗਰਸ ਦੇ ਚਾਰ ਲੀਡਰਾਂ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖ਼ਿਲਾਫ ਮੋਰਚਾ ਖੋਲ੍ਹ ਲਿਆ ਹੈ। ਇਨ੍ਹਾਂ ਆਗੂਆਂ ਨੇ ਮੰਗਲਵਾਰ ਨੂੰ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਸੂਬਾ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸ ਤੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ, ਉਨ੍ਹਾਂ ਦੋਸ਼ ਲਾਇਆ ਹੈ ਕਿ ਰਾਣਾ ਗੁਰਜੀਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ। ਕਾਂਗਰਸ ਨੇ ਰਾਣਾ ਗੁਰਜੀਤ ਨੂੰ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਇਸ ਦੌਰਾਨ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਕਾਂਗਰਸ ਨੇ ਇਸ ਸੀਟ ਲਈ ਆਪਣੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਉਮੀਦਵਾਰ ਬਣਾਇਆ ਹੈ। ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ, ਜਲੰਧਰ ਉੱਤਰੀ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ। ਇਨ੍ਹਾਂ ਆਗੂਆਂ ਨੇ ਮੀਡੀਆ ਨੂੰ ਇਹ ਪੱਤਰ ਜਾਰੀ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਰਾਣਾ ਗੁਰਜੀਤ ਸਿੰਘ ਦੋਆਬਾ ਖੇਤਰ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਦਖ਼ਲ ਦੇ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ।