ਈਡੀ ਵੱਲੋਂ ਛਾਪੇ ਦੌਰਾਨ ਜੋ ਕੁੱਝ ਬਰਾਮਦ ਕੀਤਾ ਗਿਆ ਹੈ, ਉਹ ਸਿਰਫ਼ ਪਿਛਲੇ 111 ਦਿਨਾਂ ਦੌਰਾਨ ਕਮਾਇਆ ਗਿਆ ਹੈ-ਰਾਘਵ ਚੱਢਾ
ਚੰਡੀਗੜ੍ਹ: Punjab Election 2022: ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤਿੱਖਾ ਹਮਲਾ ਕਰਦੇ ਹੋਏ ਅਸਤੀਫੇ ਦੀ ਮੰਗ ਕੀਤੀ ਹੈ। ਆਪ (AAP) ਦੇ ਪੰਜਾਬ ਪ੍ਰਭਾਰੀ ਰਾਘਵ ਚੱਢਾ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਹਨੀ ਤੋਂ ਜੋ ਕੁੱਝ ਪ੍ਰਾਪਤ ਕੀਤਾ ਹੈ, ਉਹ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਾ ਹੈ। ਰਾਘਵ ਚੱਢਾ ਨੇ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਅਤੇ ਈਡੀ ਵੱਲੋਂ ਛਾਪੇ ਦੌਰਾਨ ਇਹ ਜੋ ਕੁੱਝ ਬਰਾਮਦ ਕੀਤਾ ਗਿਆ ਹੈ, ਉਹ ਸਿਰਫ਼ ਪਿਛਲੇ 111 ਦਿਨਾਂ ਦੌਰਾਨ ਕਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਨੈਤਿਕਤਾ ਦੇ ਆਧਾਰ ‘ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਤੋਂ ਇਸ ਚੋਰੀ ਦੀ ਮਾਫ਼ੀ ਮੰਗਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ 100 ਦਿਨਾਂ ਵਿੱਚ ਕਾਂਗਰਸ ਦੀ ਪੰਜਾਬ ਸਰਕਾਰ ਨੇ 100 ਕੰਮ ਤੱਕ ਨਹੀਂ ਕੀਤੇ ਪਰੰਤੂ 100 ਕਰੋੜ ਦੀ ਟ੍ਰਾਂਜੈਕਸ਼ਨ ਕੀਤੀ ਹੈ, ਕਾਂਗਰਸ ਅਤੇ ਚੰਨੀ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਪੈਸਾ ਕਿਥੋਂ ਆਇਆ?ਚੱਢਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਡੇਰਾ ਬਾਬਾ ਦੇ ਉਮੀਦਵਾਰ ਵਾਲੇ ਬਿਆਨ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਝੂਠ ਫੈਲਾ ਰਹੇ ਹਨ ਅਤੇ ਇੱਕ ਪੀ.ਆਰ. ਕੰਪਨੀ ਹਾਇਰ ਕੀਤੀ ਹੈ, ਜਿਹੜੀ ਝੂਠੇ ਪਰਚੇ, ਝੂਠੇ ਦਸਤਾਵੇਜ਼ ਫੈਲਾ ਕੇ ਲੋਕਾਂ ਵਿੱਚ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜੇਕਰ ਸਕੂਲ, ਹਸਪਤਾਲ ਬਣਾਉਣ ਵਰਗੇ ਅਜਿਹੇ ਬਿਆਨ ਦੇਣਗੇ ਤਾਂ ਕੋਈ ਯਕੀਨ ਕਰੇਗਾ।