ਕੁਸ਼ਠ ਰੋਗੀਆਂ ਤੇ ਸਮਾਜ ਸੇਵਾ ਲਈ ਆਪਣੀ ਪਤਨੀ ਦੇ ਗਹਿਣੇ ਤੇ ਘਰ ਵੇਚਣ ਵਾਲੇ ਪ੍ਰੇਮ ਸਿੰਘ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ

ਕੁਸ਼ਠ ਰੋਗੀਆਂ ਤੇ ਸਮਾਜ ਸੇਵਾ ਲਈ ਆਪਣੀ ਪਤਨੀ ਦੇ ਗਹਿਣੇ ਤੇ ਘਰ ਵੇਚਣ ਵਾਲੇ ਪ੍ਰੇਮ ਸਿੰਘ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਮਿਸਾਲ ਕਾਇਮ ਕਰਨ ਵਾਲੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਰੂਪਨਗਰ ਨਿਵਾਸੀ ਪ੍ਰੇਮ ਸਿੰਘ ਨੂੰ ਸਮਾਜ ਸੇਵਾ ਦਾ ਜਨੂੰਨ ਹੈ। ਇਸ ਦੇ ਲਈ ਸਾਲ 2002 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਡਾ.ਏ.ਪੀ.ਜੇ.ਅਬਦੁਲ ਕਲਾਮ ਵੱਲੋਂ ਵੀ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਕਤੂਬਰ 2019 ਵਿੱਚ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੇ ਹਨ। ਕੁਸ਼ਠ ਰੋਗੀਆਂ ਨੂੰ ਜਿਥੇ ਵੇਖ ਕੇ ਕਈ ਲੋਕ ਦੂਰ ਭਜਦੇ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਨੂੰ ਕੁਸ਼ਠ ਆਸ਼ਰਮ ਵਿੱਚ ਛੱਡਣਾ ਹੀ ਬਿਹਤਰ ਸਮਝਦੇ ਹਨ, ਉਥੇ ਪ੍ਰੇਮ ਸਿੰਘ ਨੇ ਉਨ੍ਹਾਂ ਦੀ ਦੇਖਭਾਲ ਲਈ ਸਭ ਕੁਝ ਦਾਅ ‘ਤੇ ਲਗਾ ਦਿੱਤਾ। ਪਿਛਲੇ 30 ਸਾਲਾਂ ਤੋਂ ਕੁਸ਼ਠ ਰੋਗੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਪ੍ਰੇਮ ਸਿੰਘ ਨੇ ਆਪਣੀ ਜਾਇਦਾਦ ਵੇਚ ਦਿੱਤੀ। ਹੁਣ ਧੀ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ।
ਪ੍ਰੇਮ ਸਿੰਘ ਮੂਲ ਤੌਰ ‘ਤੇ ਰੋਪੜ ਜਿਲ੍ਹੇ ਦੇ ਪਿੰਡ ਬਹਿਰਾਮਪੁਰ ਜ਼ਮੀਂਦਾਰਾ ਦੇ ਰਹਿਣ ਵਾਲੇ ਹਨ ਅਤੇ ਇਨ੍ਹੀਂ ਦਿਨੀਂ ਉਹ ਚੰਡੀਗੜ੍ਹ ਦੇ ਸੰਨੀ ਐਨਕਲੇਵ ਵਿੱਚ 3 ਮਰਲੇ ਦੇ ਮਕਾਨ ਵਿੱਚ ਪੂਰੇ ਪਰਿਵਾਰ ਨਾਲ ਰਹਿ ਰਹੇ ਹਨ। ਪ੍ਰੇਮ ਸਿੰਘ 2011 ਵਿੱਚ ਇੰਡੀਅਨ ਆਡਿਟ ਐਂਡ ਅਕਾਊਂਟਸ ਡਿਪਾਰਟਮੈਂਟ ਵਜੋਂ ਆਡਿਟ ਅਫ਼ਸਰ 2011 ਵਿੱਚ ਰਿਟਾਇਰ ਹੋਏ ਸਨ। ਪ੍ਰੇਮ ਸਿੰਘ ਦਾ ਪ੍ਰੇਰਨਾ ਸਰੋਤ ਉਨ੍ਹਾਂ ਦੇ ਦਾਦਾ ਰੇਲੂਰਾਮ ਰਹੇ ਹਨ। ਉਹ ਹੱਡੀ ਟੁੱਟਣ ਤੋਂ ਪ੍ਰੇਸ਼ਾਨ ਕਿਸੇ ਵੀ ਮਰੀਜ਼ ਦਾ ਮੁਫ਼ਤ ਇਲਾਜ ਕਰਦੇ ਸਨ। ਜਦੋਂ ਪ੍ਰੇਮ ਸਿੰਘ ਨੇ ਕੁਸ਼ਠ ਰੋਗੀਆਂ ਨੂੰ ਅੱਖਾਂ, ਹੱਥ, ਪੈਰ ਗੁਆਉਣ ਪਿੱਛੋਂ ਹੌਲੀ-ਹੌਲੀ ਮੌਤ ਦੇ ਮੂੰਹ ਵਿਚ ਜਾਂਦੇ ਦੇਖਿਆ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ। ਦਾਦੇ ਵਾਂਗ ਪੋਤਰੇ ਦੇ ਦਿਲ ਵਿਚ ਸਮਾਜ ਸੇਵਾ ਦੀ ਭਾਵਨਾ ਭਰ ਗਈ ਅਤੇ ਉਹ ਕੁਸ਼ਠ ਰੋਗੀਆਂ ਦਾ ਇਲਾਜ ਕਰਨ ਲੱਗ ਪਏ। ਸਾਲ 1985 ਵਿੱਚ ਅੰਬਾਲਾ ਛਾਉਣੀ ਵੋਟ ਪਾਉਣ ਲਈ ਕੁਸ਼ਟ ਰੋਗੀਆਂ ਦੀ ਇੱਕ ਵੱਖਰੀ ਲਾਈਨ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਮਾਜਿਕ ਤੌਰ ‘ਤੇ ਕੁਸ਼ਠ ਰੋਗੀਆਂ ਲਈ ਸਮਰਪਿਤ ਹੋ ਗਏ। ਕੁਸ਼ਟ ਰੋਗੀਆਂ ਦੇ ਸਰਬਪੱਖੀ ਵਿਕਾਸ ਲਈ ਮੁਹਿੰਮ ਚਲਾ ਰਹੇ ਪ੍ਰੇਮ ਸਿੰਘ ਪਿਛਲੇ 30 ਸਾਲਾਂ ਤੋਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਹੁਣ ਤੱਕ ਹਜ਼ਾਰਾਂ ਲੋਕਾਂ ਦਾ ਇਲਾਜ ਹੋ ਚੁੱਕਾ ਹੈ। ਪ੍ਰੇਮ ਸਿੰਘ ਨੇ ਨਾ ਸਿਰਫ਼ ਆਪਣਾ ਘਰ, ਪਤਨੀ ਦੇ ਗਹਿਣੇ ਵੇਚੇ, ਸਗੋਂ ਪੀੜਤਾਂ ਨੂੰ ਮਿਲਣ, ਕੁਸ਼ਠ ਕਾਰਨ ਅਪਾਹਜ ਹੋਏ ਲੋਕਾਂ ਦੀ ਦੇਖ-ਭਾਲ, ਸਿਰ ‘ਤੇ ਛੱਤ ਜਾਂ ਖਾਣ-ਪੀਣ ਦਾ ਪ੍ਰਬੰਧ ਕਰਨ ਲਈ ਕਰਜ਼ਾ ਵੀ ਲਿਆ। ਪੈਸੇ ਨਾ ਹੋਣ ਕਾਰਨ ਪ੍ਰੇਮ ਸਿੰਘ ਨੇ 2017 ਵਿੱਚ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਦੋ ਸਾਲ ਪਹਿਲਾਂ ਵੀ ਢਾਈ ਲੱਖ ਦਾ ਪੈਨਸ਼ਨ ਲੋਨ ਲੈਣਾ ਪਿਆ ਸੀ।