Udaan News24

Latest Online Breaking News

ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਤੇ ਅਕਾਲੀ ਦਲ ਦੇ ਦਿੱਗਜ ਆਗੂਆਂ ਨੂੰ ਸਬਕ ਸਿਖਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ- ਭਗਵੰਤ ਮਾਨ

ਚੰਡੀਗੜ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰਾਂ ਦਿੱਲੀ ਵਿੱਚ ਪਹਿਲੀ ਵਾਰ ਚੋਣ ਲੜਦਿਆਂ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੀ ਦਿੱਗਜ ਆਗੂ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ, ਉਸੇ ਤਰਾਂ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਤੇ ਅਕਾਲੀ ਦਲ ਦੇ ਦਿੱਗਜ ਆਗੂਆਂ ਨੂੰ ਸਬਕ ਸਿਖਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ। ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਨੇ ਆਮ ਲੋਕਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਦਿੱਤਾ ਹੈ। ‘ਆਪ’ ਦੇ ਵਿਧਾਇਕ ਅਤੇ ਆਗੂ ਆਮ ਘਰਾਂ ਅਤੇ ਪਰਿਵਾਰਾਂ ਨਾਲ ਸੰਬੰਧਿਤ ਹਨ। ਇਸ ਲਈ ਉਹ ਆਮ ਲੋਕਾਂ ਦੇ ਦੁੱਖ ਦਰਦ ਨੂੰ ਚੰਗੀ ਤਰਾਂ ਸਮਝਦੇ ਹਨ। ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦਾ ਰਾਜਨੀਤੀ ਵਿੱਚ ਵਿਸ਼ਵਾਸ਼ ਪੈਦਾ ਕੀਤਾ ਹੈ। ਮਾਨ ਨੇ ਕਿਹਾ ਕਿ 2013 ਵਿੱਚ ਜਦ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਖ਼ਿਲਾਫ਼ ਚੋਣ ਲੜ ਰਹੇ ਸਨ, ਤਾਂ ਸ਼ੀਲਾ ਦੀਕਸ਼ਤ ਨੇ ਮੀਡੀਆ ਨੂੰ ਕਿਹਾ ਸੀ, ”ਕੌਣ ਹੈ ਕੇਜਰੀਵਾਲ?” ਪਰ ਕੇਜਰੀਵਾਲ ਨੇ 20 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ। ਮਾਨ ਨੇ ਕਿਹਾ ਕਿ ਸਾਲ 2014 ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਪਹਿਲੀ ਵਾਰ ਚੋਣ ਲੜਨ ਸਮੇਂ ਉਨਾਂ ਖਿਲਾਫ਼ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਤਤਕਾਲੀ ਲੋਕ ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਮੈਦਾਨ ਵਿੱਚ ਸਨ। ਜਦੋਂ ਕਿ ਉਸ ਸਮੇਂ ਪਾਰਟੀ ਕੋਲ ਨਾ ਚੰਗਾ ਸੰਗਠਨ ਸੀ ਅਤੇ ਨਾ ਹੀ ਪੈਸੇ ਸਨ। ਪਰ ਸੰਗਰੂਰ ਦੇ ਲੋਕਾਂ ਨੇ ਉਨਾਂ (ਮਾਨ) ਨੂੰ ਸਵਾ ਦੋ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿਤਾਇਆ ਸੀ।

ਮਾਨ ਨੇ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾ ਵਿੱਚ ‘ਆਪ’ ਉਮੀਦਵਾਰ ਸਧਾਰਨ ਪਰਿਵਾਰਾਂ ਤੋਂ ਹੀ ਹਨ ਅਤੇ ਇਨਾਂ ਉਮੀਦਵਾਰਾਂ ਖਿਲਾਫ਼ ਕਾਂਗਰਸ ਦੇ ਵੱਡੇ ਆਗੂ ਮੈਦਾਨ ਵਿੱਚ ਹਨ। ਉਨਾਂ ਉਦਾਹਰਣ ਦਿੱਤੀ ਕਿ ਸੰਗਰੂਰ ਤੋਂ ‘ਆਪ’ ਦੀ ਸਧਾਰਨ ਘਰ ਤੋਂ ਉਮੀਦਵਾਰ ਨਰਿੰਦਰ ਕੌਰ ਭਰਾਜ ਦੇ ਖਿਲਾਫ਼ ਕਾਂਗਰਸ ਸਰਕਾਰ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਭਾਜਪਾ ਦੇ ਬਿਜਨਸਮੈਨ ਅਰਵਿੰਦ ਖੰਨਾ ਚੋਣ ਲੜ ਰਹੇ ਹਨ। ਬੀਬਾ ਭਰਾਜ ਸਵੇਰੇ ਆਪਣੇ ਘਰ ਵਿੱਚ ਕੰਮ ਕਰਨ ਤੋਂ ਬਾਅਦ ਚੋਣ ਪ੍ਰਚਾਰ ਕਰਨ ਲਈ ਜਾਂਦੀ ਹੈ। ਇਸੇ ਤਰਾਂ ਸਮਰਾਲਾ ਤੋਂ ਲਿਕਰ ਕਿੰਗ ਦੇ ਖਿਲਾਫ਼ ਆਮ ਘਰ ਦਾ ਨੌਜਵਾਨ ਜਗਤਾਰ ਸਿੰਘ ‘ਆਪ’ ਵੱਲੋਂ ਉਮੀਦਵਾਰ ਹੈ।ਬਟਾਲਾ ਤੋਂ ਕਾਂਗਰਸ ਦੇ ਵੱਡੇ ਆਗੂ ਅਸ਼ਵਨੀ ਸੇਖੜੀ ਅਤੇ ਭਾਜਪਾ ਦੇ ਫਤਿਹ ਜੰਗ ਬਾਜਵਾ ਦੇ ਖ਼ਿਲਾਫ਼ ਬੇਹੱਦ ਸਧਾਰਨ ਪਰਿਵਾਰ ਦਾ ਨੌਜਵਾਨ ਸ਼ੈਰੀ ਕਲਸੀ ‘ਆਪ’ ਦਾ ਉਮੀਦਾਵਰ ਹੈ। ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਇਸ ਵਾਰ ਪੰਜਾਬ ਨੂੰ ਬਦਲਣ ਲਈ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਸਬਕ ਸਿਖਾਉਣਗੇ ਅਤੇ ਆਮ ਆਦਮੀ ਪਾਰਟੀ ਦੇ ਸਧਾਰਨ ਉਮੀਦਵਾਰਾਂ ਨੂੰ ਜਿਤਾਉਣਗੇ।

ਕਾਂਗਰਸ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਵੀ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਆਪਣੇ ਆਗੂਆਂ ਦੇ ਧੀਆਂ, ਪੁੱਤਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਹਨ। ਕਾਂਗਰਸ ਪਾਰਟੀ ਪਰਿਵਾਰਵਾਦ ਤੋਂ ਕਦੇ ਬਾਹਰ ਨਹੀਂ ਨਿਕਲ ਸਕਦੀ, ਕਿਉਂਕਿ ਪਰਿਵਾਰਵਾਦ ਕਾਂਗਰਸ ਪਾਰਟੀ ਦੀਆਂ ਜੜਾਂ ਵਿੱਚ ਹੈ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਬਿਕਰਮ ਮਜੀਠੀਆ ਦੇ ਚੋਣ ਲੜਨ ਬਾਰੇ ਮਾਨ ਨੇ ਕਿਹਾ ਕਿ ਇਸ ਵਾਰ ਅੰਮ੍ਰਿਤਸਰ ਦੇ ਲੋਕਾਂ ਕੋਲ ਦੋਵੇਂ ਬੜਬੋਲੇ ਆਗੂਆਂ ਨੂੰ ਸਬਕ ਸਿਖਾਉਣ ਦਾ ਚੰਗਾ ਮੌਕਾ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਦੇ ਲੋਕ ਇਸ ਵਾਰ ‘ਆਪ’ ਉਮੀਦਵਾਰ ਜੀਵਨਜੋਤ ਕੌਰ ਨੂੰ ਵਿਧਾਨ ਸਭਾ ਪਹੁੰਚਾ ਕੇ ਇੱਕ ਤੀਰ ਨਾਲ ਦੋ ਨਿਸ਼ਾਨ ਲਾਉਣਗੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!