ਕਾਂਗਰਸੀ ਉਮੀਦਵਾਰ ਗੋਲਡੀ ਨੇ ਭਗਵੰਤ ਮਾਨ ਨੂੰ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ

ਧੂਰੀ ਤੋਂ ਚੋਣ ਮੈਦਾਨ ਵਿੱਚ ਉਤਰੇ ਆਮ ਆਦਮੀ ਪਾਰਟੀ ਦੇ ਸੀ.ਐੱਮ. ਫ਼ੇਸ ਭਗਵੰਤ ਮਾਨ ਨੂੰ ਇਸੇ ਸੀਟ ਤੋਂ ਉਮੀਦਵਾਰ ਐਲਾਨੇ ਗਏ ਕਾਂਗਰਸੀ ਉਮੀਦਵਾਰ ਤੇ ਮੌਜਦਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਦੱਸ ਦੇਈਏ ਕਿ ਭਗਵੰਤ ਮਾਨ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਗੋਲਡੀ ਨੇ ਕਿਹਾ, ”ਅਸੀਂ ਹਲਕੇ ‘ਚ ਕਈ ਵਿਕਾਸ ਕਾਰਜ ਕਰਵਾਏ ਹਨ ਅਤੇ ਮੈਂ ਪਿਛਲੇ ਪੰਜ ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ।” ਆਪਣੇ ਵੱਲੋਂ ਕੀਤੇ ਕੰਮਾਂ ਬਾਰੇ ਦੱਸਦਿਆਂ ਗੋਲਡੀ ਨੇ ਕਿਹਾ ਕਿ 57 ਪਿੰਡਾਂ ਵਿੱਚ ਵਾਲੀਬਾਲ ਦੇ ਮੈਦਾਨ ਬਣਾਏ ਗਏ ਹਨ, ਜਦਕਿ 32 ਕਿਲੋਮੀਟਰ ਲੰਮੀਆਂ ਸੜਕਾਂ ਬਣਾਈਆਂ ਗਈਆਂ ਤੇ ਮੁਰੰਮਤ ਕੀਤੀ ਗਈ ਹੈ। ਜ਼ਿਲ੍ਹਾ ਪੱਧਰ ‘ਤੇ ਫਾਇਰ ਸਰਵਿਸ ਅਤੇ ਪਿੰਡ ਪੱਧਰ ‘ਤੇ ਛੋਟੀ ਫਾਇਰ ਸਰਵਿਸ ਦੀ ਸਥਾਪਤ ਕੀਤੀ ਗਈ ਅਤੇ ਇੱਕ ਨਵਾਂ ਸੀਵਰੇਜ ਸਿਸਟਮ ਤਿਆਰ ਕੀਤਾ ਗਿਆ। ਧੂਰੀ ‘ਚ ਮਾਨ ਨਾਲ ਮੁਕਾਬਲਾ ਕਰਨ ‘ਤੇ ਗੋਲਡੀ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਾਮੇਡੀਅਨ ਵਜੋਂ ਦੇਖਦਾ ਹਾਂ, ਨਾ ਕਿ ਗੰਭੀਰ ਸਿਆਸਤਦਾਨ ਵਜੋਂ।” ਗੋਲਡੀ ਨੇ ਕਿਹਾ ਕਿ ਮਾਨ ਆਪਣੇ ਭਾਸ਼ਣਾਂ ਦੌਰਾਨ ਲੋਕਾਂ ਨੂੰ “ਮੂਰਖ” ਬਣਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਬਖਾਨ ਕਰ ਰਹੇ ਸਨ। ਗੋਲਡੀ ਨੇ ਕਿਹਾ, ਮਾਨ ਨੇ ਕਦੇ ਵੀ ਪੰਜਾਬ ਲਈ ਕਿਸੇ ਯੋਜਨਾ ਦੀ ਗੱਲ ਨਹੀਂ ਕੀਤੀ। ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਕਿਹਾ, ”ਮਾਨ ਨੇ ਕਦੇ ਖੇਡਾਂ, ਸਿੱਖਿਆ ਅਤੇ ਸਿਹਤ ਵਿਵਸਥਾ ਦੀ ਗੱਲ ਵੀ ਨਹੀਂ ਕੀਤੀ। ਮੈਨੂੰ ਨਹੀਂ ਲੱਗਦਾ ਕਿ ਉਹ ਧੂਰੀ ਹਲਕੇ ਲਈ ਗੰਭੀਰ ਹਨ। ਜੇ ਉਹ ਹਨ ਤਾਂ ਉਨ੍ਹਾਂ ਨੂੰ ਸੰਸਦ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਧੂਰੀ ਤੋਂ ਚੋਣ ਲੜਨੀ ਚਾਹੀਦੀ ਹੈ।