ਸੈਮੀਫਾਈਨਲ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਦਿੱਤੀ ਮਾਤ, ਫਾਈਨਲ ‘ਚ ਬਣਾਈ ਜਗ੍ਹਾ

ICC ਅੰਡਰ-19 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਬੁੱਧਵਾਰ ਨੂੰ ਭਾਰਤੀ ਅੰਡਰ-19 ਟੀਮ ਅਤੇ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿਚਾਲੇ ਐਂਟੀਗੁਆ ਦੇ ਕੂਲੀਜ਼ ਕ੍ਰਿਕਟ ਮੈਦਾਨ ‘ਤੇ ਖੇਡਿਆ ਗਿਆ । ਇਸ ਹਾਈ ਵੋਲਟੇਜ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਵਿਰੋਧੀ ਟੀਮ ਨੂੰ 96 ਦੌੜਾਂ ਨਾਲ ਮਾਤ ਦਿੰਦੇ ਹੋਏ ਫਾਈਨਲ ਵਿੱਚ ਐਂਟਰੀ ਮਾਰੀ । ਇਸ ਦੇ ਨਾਲ ਹੀ ਟੀਮ ਇੰਡੀਆ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ 5 ਫਰਵਰੀ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ । ਟੀਮ ਇੰਡੀਆ ਲਗਾਤਾਰ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ।

ਕੁਲੀਜ਼ ਵਿੱਚ ਇਸ ਵੱਡੀ ਜਿੱਤ ਤੋਂ ਇਲਾਵਾ ਟੀਮ ਇੰਡੀਆ ਨੇ ਇੱਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ । ਦਰਅਸਲ, ਆਸਟ੍ਰੇਲੀਆ ਖਿਲਾਫ ਸੈਮੀਫਾਈਨਲ ਮੈਚ ਵਿੱਚ ਮਿਲੀ ਇਸ ਵੱਡੀ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਚਾਰ ਵਾਰ ICC ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਟੀਮ ਇੰਡੀਆ ਨੇ ਪਹਿਲੀ ਵਾਰ ਸਾਲ 2000 ਵਿੱਚ ਫਾਈਨਲ ਲਈ ਟਿਕਟ ਕੱਟੀ ਸੀ ।ਭਾਰਤ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ ਪੰਜ ਵਿਕਟਾਂ ’ਤੇ 290 ਦੌੜਾਂ ਬਣਾਈਆਂ ਸਨ । ਇਸਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਟੀਮ 194 ਦੌੜਾਂ ‘ਤੇ ਹੀ ਢੇਰ ਹੋ ਗਈ । ਭਾਰਤ ਲਈ ਬੱਲੇਬਾਜ਼ੀ ਕਰਦਿਆਂ ਕਪਤਾਨ ਯਸ਼ ਧੂਲ ਨੇ ਸਭ ਤੋਂ ਵੱਧ 110 ਦੌੜਾਂ ਬਣਾਈਆਂ । ਗੇਂਦਬਾਜ਼ੀ ਵਿੱਚ ਵਿੱਕੀ ਓਸਵਾਲ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।