ਸਿਮਰਜੀਤ ਸਿੰਘ ਬੈਂਸ ਤੇ ਕਮਲਜੀਤ ਕੜਵਲ ਦੇ ਸਮਰਥਕ ਆਪਸ ਚ ਭਿੜੇ
ਪੰਜਾਬ ਵਿਚ ਚੁਣਾਵੀ ਮਾਹੌਲ ਸਰਗਰਮ ਹੈ ਤੇ ਇਸੇ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਆਤਮ ਨਗਰ ਵਿਖੇ ਟਿੱਬਾ ਰੋਡ ‘ਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਖਿਲਾਫ ਚੋਣ ਮੈਦਾਨ ਵਿਚ ਉਤਰੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਕੜਵਲ ਦੇ ਸਮਰਥਕ ਆਪਸ ਵਿਚ ਭਿੜ ਗਏ ਹਨ। ਦੋਵਾਂ ਧਿਰਾਂ ਵਿਚਾਲੇ ਖੂਨੀ ਝੜਪ ਹੋਈ। ਜਾਣਕਾਰੀ ਮੁਤਾਬਕ ਸਿਰਮਜੀਤ ਸਿੰਘ ਬੈਂਸ ਦੇ ਪੁੱਤਰ ਤੇ ਸਮਰਥਕਾਂ ਵੱਲੋਂ ਕਾਂਗਰਸੀ ਉਮੀਦਵਾਰ ਕੜਵਲ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਗੱਡੀਆਂ ਦੀ ਭੰਨ-ਤੋੜ ਕੀਤੀ ਗਈ ਹੈ। ਪੁਲਿਸ ਵੱਲੋਂ ਜਾਂਚ ਚੱਲ ਰਹੀ ਹੈ। ਕਾਂਗਰਸ ਦੇ ਕਈ ਸਮਰਥਕ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਦੋਵਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਮੌਜੂਦ ਹਨ ਤੇ ਪੁਲਿਸ ਵੱਲੋਂ ਪੂਰੀ ਅਹਿਤਿਆਤ ਵਰਤੀ ਜਾ ਰਹੀ ਹੈ । ਕੜਵਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਮੌਕੇ ਉਤੇ ਗੋਲੀ ਵੀ ਚੱਲੀ ਹੈ ਪਰ ਇਹ ਸਾਰਾ ਕੁਝ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਉੱਚ ਅਧਿਕਾਰੀ ਮੌਕੇ ਉਤੇ ਮੌਜੂਦ ਹਨ। ਗੱਡੀ ਬੁਰੀ ਤਰ੍ਹਾਂ ਭੰਨ ਦਿੱਤੀ ਗਈ ਤੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਇਸ ਪੂਰੀ ਘਟਨਾ ਦਾ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਨੋਟਿਸ ਲਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਿਮਰਜੀਤ ਸਿੰਘ ਬੈਂਸ ਤੇ ਕੜਵਲ ਦੇ ਸਮਰਥਕ ਆਪਸ ਵਿਚ ਭਿੜ ਚੁੱਕੇ ਹਨ। ਬੋਰਡ ਤੇ ਫਲੈਕਸ ਲਗਾਉਣ ਨੂੰ ਲੈ ਦੋਵਾਂ ਵਿਚਾਲੇ ਝਗੜਾ ਹੋਇਆ ਸੀ ।