ਡੇਰੇ ਦੇ ਪ੍ਰਭਾਵ ਵਾਲੀਆਂ 6 ਸੀਟਾਂ ‘ਤੇ ਖੱਟਰ ਭਾਜਪਾ ਲਈ 2 ਦਿਨ ਕਰਨਗੇ ਪ੍ਰਚਾਰ

ਚੰਡੀਗੜ੍ਹ:ਪੰਜਾਬ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਭਾਜਪਾ ਗਠਜੋੜ ਲਈ ਪ੍ਰਚਾਰ ਕਰਨ ਮੈਦਾਨ ਵਿੱਚ ਨਿੱਤਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਉਹ ਡੇਰੇ ਦੇ ਪ੍ਰਭਾਵ ਵਾਲੀਆਂ ਸੀਟਾ ‘ਤੇ 2 ਦਿਨ ਪੰਜਾਬ ਵਿੱਚ ਪ੍ਰਚਾਰ ਕਰਨਗੇ।ਭਾਜਪਾ ਹਾਈਕਮਾਂਡ ਵੱਲੋਂ ਖੱਟਰ ਦੀ 6 ਵਿਧਾਨ ਸਭਾ ਹਲਕਿਆਂ ਵਿੱਚ ਪ੍ਰਚਾਰ ਦਾ ਜ਼ਿੰਮਾ ਲਾਇਆ ਗਿਆ ਹੈ। ਇਹ ਸਾਰੇ ਹਲਕਿਆਂ ਵਿੱਚ ਡੇਰਾ ਪ੍ਰੇਮੀਆਂ ਦੀ ਬਹੁਤਾਤ ਵਾਲੇ ਇਲਾਕੇ ਹਨ। ਉਨ੍ਹਾਂ ਨਾਲ ਹੀ ਭਾਜਪਾ ਗਠਜੋੜ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਜਿਰੰਦਰ ਸਿੰਘ ਦੇ ਹਲਕੇ ਪਟਿਆਲਾ ਵਿੱਚ ਵੀ ਪ੍ਰਚਾਰ ਕਰਨਗੇ। ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ ਖੱਟਰ ਪਹਿਲੇ ਦਿਨ ਅਬੋਹਰ, ਫਾਜ਼ਿਲਕਾ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਚਾਰ ਕਰ ਸਕਦੇ ਹਨ। ਉਪਰੰਤ ਉਹ ਪਟਿਆਲਾ, ਸੰਗਰੂਰ ਅਤੇ ਰਾਜਪੁਰਾ ਵਿੱਚ ਪ੍ਰਚਾਰ ਕਰਨਗੇ।
ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਜਾਬ ਚੋਣਾਂ ਦੇ ਮੱਦੇਨਜਰ ਉਨ੍ਹਾਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਹ ਉਤਰਾਖੰਡ ਅਤੇ ਯੂਪੀ ਵਿੱਚ ਪ੍ਰਚਾਰ ਕਰ ਚੁੱਕੇ ਹਨ ਅਤੇ ਪਾਰਟੀ ਦੇ ਹੁਕਮ ‘ਤੇ ਗੁਆਂਢੀ ਰਾਜਾਂ ਵਿੱਚ ਪ੍ਰਚਾਰ ਕਰਨ ਜਾਂਦੇ ਹਨ। ਉਨ੍ਹਾਂ ਦੀ ਸਹਿਯੋਗ ਪਾਰਟੀ ਨੂੰ ਮਿਲਦਾ ਹੈ ਤਾਂ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਵੀ ਡਿਊਟੀ ਲੱਗੀ ਸੀ।ਦੱਸ ਦੇਈਏ ਕਿ ਖੱਟਰ ਭਾਜਪਾ ਲਈ ਮਾਲਵੇ ਅਧੀਨ ਆਉਂਦੇ ਫ਼ਿਰੋਜ਼ਪੁਰ, ਮੋਗਾ, ਫ਼ਾਜ਼ਿਲਕਾ, ਅਬੋਹਰ, ਫ਼ਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਪਟਿਆਲਾ, ਲੁਧਿਆਣਾ, ਮਾਨਸਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਸ਼ਾਮਲ ਹਨ। ਮਾਲਵਾ ਪੱਟੀ ਵਿੱਚ 69 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਡੇਰੇ ਦਾ ਪ੍ਰਭਾਵ ਮੰਨਿਆ ਜਾਂਦਾ ਸੀ।