ਖੇਤ ਵਿੱਚ ਰੇਹ ਪਾਉਣ ਦੌਰਾਨ ਕਰੰਟ ਲੱਗਣ ਨਾਲ ਦੋ ਕਿਸਾਨਾਂ ਦੀ ਮੌਤ ਦੇ ਮਾਮਲੇ ਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਅਧਿਕਾਰੀ ਖਿਲਾਫ ਕੇਸ ਦਰਜ
ਖੇਤ ਵਿੱਚ ਰੇਹ ਪਾਉਣ ਦੌਰਾਨ ਕਰੰਟ ਲੱਗਣ ਨਾਲ ਦੋ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਅਧਿਕਾਰੀ ਖਿਲਾਫ ਕੇਸ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਸਥਾਨਕ ਸਦਰ ਥਾਣੇ ਵਿੱਚ ਧਾਰਾ 304ਏ ਤਹਿਤ ਸਬੰਧਿਤ PSPCLਅਧਿਕਾਰੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸਕੇ ਭਰਾਵਾਂ ਦੀ ਮੌਤ ਦੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਕਰਨ ਵਾਲੇ ਨਾਭਾ ਬਲਾਕ ਦੇ ਪਿੰਡ ਲੁਬਾਣਾ ਦੇ ਨਿਵਾਸੀ ਨਿਰਭੈ ਸਿੰਘ ਨੇ ਕਿਹਾ ਕਿ ਖੇਤ ਵਿੱਚੋਂ ਗੁਜ਼ਰ ਰਹੀਆਂ ਹਾਈਵੋਲਟੇਜ ਤਾਰਾਂ ਖਰਾਬ ਸਨ। ਇਸਨੂੰ ਠੀਕ ਕਰਵਾਉਣ ਲਈ 6 ਮਹੀਨੇ ਪਹਿਲਾਂ ਬਿਜਲੀ ਮਹਿਕਮੇ ਦੇ ਡਿਵੀਜ਼ਨ ਦੇ ਐਸ.ਡੀ.ਓ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸਲਈ ਪੀੜਤ ਪਰਿਵਾਰ ਨੇ ਖਰਾਬ ਤਾਰਾਂ ਬਦਲਾਉਣ ਲਈ ਘਰ ਵਿੱਚ ਬਕਾਇਦਾ ਰੂਪ ਵਿੱਚ ਨਵੀਆਂ ਤਾਰਾਂ ਵੀ ਲਿਆਂਦੀਆਂ ਗਈਆਂ ਸਨ। ਪਰ ਬਹੁਤ ਦੁਖ ਦੀ ਗੱਲ ਹੈ ਕਿ ਸਾਰਾ ਪ੍ਰਬੰਧ ਹੋਣ ਦੇ ਬਾਵਜੂਦ ਵਿੱਚ ਬਿਜਲੀ ਵਿਭਾਗ ਨੇ ਸ਼ਿਕਾਇਤ ਦਾ ਨਿਪਟਾਰਾ ਨਾ ਕੀਤਾ। ਹਰ ਬਾਰ ਪੀਐਸਪੀਐਲ ਅਧਿਕਾਰੀ ਕੋਈ ਨਾ ਕੋਈ ਬਹਾਨਾ ਲਗਾ ਕੇ ਟਾਲ ਦਿੰਦੇ ਸਨ। ਜਿਸਦਾ ਖਮਿਆਜ਼ਾ ਘਰ ਦੇ ਦੋ ਸਕੇ ਭਰਾਵਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ।