ਸਿੱਧੂ ਮੂਸੇਵਾਲਾ ਦੇ ਕੀਤੇ ਜਾ ਰਹੇ ਵਿਰੋਧ ਦੀ ਚੰਗਿਆੜੀ ਨੂੰ ਠੰਢਾ ਕਰਨ ਲਈ ਮਾਈਕਲ ਗਾਗੋਵਾਲ ਨੂੰ ਅਹੁਦੇ ਨਾਲ ਨਿਵਾਜਿਆ
ਵਿਧਾਨ ਸਭਾ ਲਈ ਉਮੀਦਵਾਰਾਂ ਦੇ ਐਲਾਨ ਤੋਂ ਐਨ ਪਹਿਲਾਂ ਮੰਗਤ ਰਾਏ ਬਾਂਸਲ ਨੂੰ ਮਾਨਸਾ ਜਿਲ੍ਹੇ ਦਾ ਪ੍ਰਧਾਨ ਬਨਾਉਣ ਦੀਆਂ ਖਬਰਾਂ ਦੇ ਚਲਦਿਆਂ ਅਚਾਨਕ ਮਾਈਕਲ ਗਾਗੋਵਾਲ ਨੂੰ ਅਹੁਦੇ ਨਾਲ ਨਿਵਾਜਣ ਤੇ ਮਾਨਸਾ ਹਲਕੇ ’ਚ ਇਸ ਸਬੰਧ ’ਚ ਵੱਡੀ ਪੱਧਰ ਤੇ ਚੁੰਝ ਚਰਚਾ ਚੱਲ ਰਹੀ ਹੈ। ਮਾਨਸਾ ਹਲਕੇ ’ਚ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦਾ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਕੀਤੇ ਜਾ ਰਹੇ ਵਿਰੋਧ ਦੀ ਚੰਗਿਆੜੀ ਨੂੰ ਠੰਢਾ ਕਰਨ ਲਈ ਕਾਂਗਰਸ ਹਾਈਕਮਾਂਡ ਨੇ ਪਹਿਲਕਦਮੀ ਕਰਦਿਆਂ ਮਾਨਸਾ ਨੂੰ ਜਿਲ੍ਹਾ ਬਨਾਉਣ ਵਾਲੇ ਸਵਰਗੀ ਕਾਂਗਰਸੀ ਆਗੂ ਸ਼ੇਰ ਸਿੰਘ ਗਾਗੋਵਾਲ ਦੇ ਪੋਤਰੇ ਅਤੇ ਕਾਂਗਰਸ ਦੀ ਟਿਕਟ ਦੇ ਵੱਡੇ ਦਾਅਵੇਦਾਰ ਅਰਸ਼ਦੀਪ ਸਿੰਘ ਉਰਫ ਮਾਈਕਲ ਗਾਗੋਵਾਲ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਪੰਜਾਬ ਕਾਂਗਰਸ ਦੇ ਚੋਟੀ ਦੇ ਆਗੂਆਂ ਦੇ ਦਖਲ ਕਾਰਨ ਕੇਂਦਰੀ ਲੀਡਰਸ਼ਿਪ ਨੇ ਮਾਨਸਾ ਹਲਕੇ ਦੇ ਜਿੰਨ੍ਹਾਂ ਕਾਂਗਰਸੀ ਲੀਡਰਾਂ ਵੱਲੋਂ ਪੇਸ਼ ਦਾਅਵਿਆਂ ਨੂੰ ਦਰਕਿਨਾਰ ਕਰਦਿਆਂ ਗਾਇਕ ਸ਼ਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਉਮੀਦਵਾਰ ਬਣਾਇਆ ਉਨ੍ਹਾਂ ’ਚ ਗਾਗੋਵਾਲ ਪ੍ਰੀਵਾਰ ਵੀ ਸ਼ਾਮਲ ਹੈ। ਲਗਾਤਾਰ ਬਣ ਰਹੀ ਕਾਂਗਰਸ ਵਿਰੋਧੀ ਲਹਿਰ ਨੂੰ ਦੇਖਦਿਆਂ ਕਾਂਗਰਸੀ ਹਾਈਕਮਾਂਡ ਨੂੰ ਅਰਸ਼ਦੀਪ ਸਿੰਘ ਉਰਫ ਮਾਈਕਲ ਗਾਗੋਵਾਲ ਨੂੰ ਮਾਨਸਾ ਜਿਲ੍ਹੇ ਦਾ ਪ੍ਰਧਾਨ ਬਨਾਉਣ ਦੇ ਰਾਹ ਪੈਣਾ ਪਿਆ ਹੈ। ਹਾਲਾਂਕਿ ਕਿਸੇ ਜਿਲ੍ਹੇ ਦਾ ਪ੍ਰਧਾਨ ਨਿਯੁਕਤ ਕਰਨਾ ਜਾਂ ਹਟਾਉਣਾ ਸਿਆਸੀ ਪਾਰਟੀਆਂ ਵਿੱਚ ਆਮ ਜਿਹੀ ਪ੍ਰਕਿਰਿਆ ਹੁੰਦੀ ਹੈ ਪਰ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਸਿਰ ਧੜ ਦੀ ਬਾਜੀ ਲੱਗੀ ਹੋਈ ਹੋਵੇ ਤਾਂ ਮਾਈਕਲ ਗਾਗੋਵਾਲ ਦੀ ਨਿਯੁਕਤੀ ਨੂੰ ਸਿੱਧੂ ਮੂਸੇਵਾਲਾ ਦੀ ਵਿਰੋਧਤਾ ਠੰਢੀ ਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦਾ ਕਹਿਣਾ ਸੀ ਕਿ ਕਾਫੀ ਹੱਦ ਤੱਕ ਸਿੱਧੂ ਮੂਸੇਵਾਲਾ ਫੈਕਟਰ ਵੀ ਹੈ ਜਿਸ ਨੂੰ ਦੇਖਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਦਖਲ ਤੇ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਹੈ ਤਾਂ ਜੋ ਉਹ ਖੁੱਲ੍ਹ ਕੇ ਤੁਰਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਉਹ ਹਲਕਾ ਬੁਢਲਾਡਾ ਅਤੇ ਸਰਦੂਲਗੜ੍ਹ ਦਾ ਵੱਡਾ ਇਕੱਠ ਕਰ ਰਹੇ ਹਨ। ਵਿਧਾਨ ਸਭਾ ਹਲਕਾ ਮਾਨਸਾ ਤਾਂ ਕਾਂਗਰਸੀ ਟਿਕਟ ਦੇ ਦੂਸਰੇ ਦਾਅਵੇਦਾਰ ਚੂਸ਼ਪਿੰਦਰ ਸਿੰਘ ਚਹਿਲ ਨੇ ਵੀ ਸਿੱਧੂ ਮੂਸੇਵਾਲਾ ਨੂੰ ਉਮੀਦਵਾਰ ਬਨਾਉਣ ਖਿਲਾਫ ਰੈਲੀ ਕਰਕੇ ਆਪਣੀ ਦਿਖਾਈ ਸੀ। ਹੁਣ ਚੂਸ਼ਪਿੰਦਰ ਸਿੰਘ ਚਹਿਲ ਅਤੇ ਨਾਜ਼ਰ ਸਿੰਘ ਮਾਨਸਾਹੀਆ ਦੇ ਪੱਤਿਆਂ ਵੱਲ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨਾਜ਼ਰ ਸਿੰਘ ਮਾਨਸਾਹੀਆ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਮਾਨਸਾਹੀਆ ਨੇ ਬਾਅਦ ਵਿੱਚ ਕਾਂਗਰਸ ’ਚ ਸ਼ਮੂਲੀਅਤ ਕਰ ਲਈ ਸੀ।