CM ਚੰਨੀ ਦੇ ਭਾਣਜੇ ਨੂੰ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ
ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਜਲੰਧਰ ਦੀ ਸਪੈਸ਼ਲ ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਈਡੀ ਨੇ 18 ਅਤੇ 19 ਜਨਵਰੀ ਨੂੰ ਮਾਰੇ ਗਏ ਛਾਪਿਆਂ ਵਿੱਚ ਭੁਪਿੰਦਰ ਅਤੇ ਉਸਦੇ ਸਾਥੀ ਸੰਦੀਪ ਕੁਮਾਰ ਤੋਂ 10 ਕਰੋੜ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। ਦੱਸਣਯੋਗ ਹੈ ਕਿ ਸਥਾਨਕ ਅਦਾਲਤ ਨੇ ਭੁਪਿੰਦਰ ਸਿੰਘ ਉਰਫ਼ ਹਨੀ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 11 ਫਰਵਰੀ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹਨੀ ਨੂੰ ਕੇਂਦਰੀ ਜਾਂਚ ਏਜੰਸੀ ਨੇ 3 ਫਰਵਰੀ ਨੂੰ ਇੱਥੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਹ ਈਡੀ ਦੀ ਹਿਰਾਸਤ ਵਿੱਚ ਸੀ। ਈਡੀ ਨੇ ਹਨੀ ਦੀ ਹਿਰਾਸਤ ਵਧਾਉਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹ ਵੱਖ-ਵੱਖ ਦਸਤਾਵੇਜ਼ਾਂ ‘ਤੇ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦਾ ਹੈ। ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਭੁਪਿੰਦਰ ਸਿੰਘ ਉਰਫ਼ ਹਨੀ ਨੇ ਮੰਨਿਆ ਹੈ ਕਿ ਉਸ ਨੇ ਸਰਹੱਦੀ ਸੂਬੇ ਵਿੱਚ ਰੇਤ ਮਾਈਨਿੰਗ ਦੇ ਕੰਮ ਵਿੱਚ ਮਦਦ ਕਰਨ ਅਤੇ ਅਧਿਕਾਰੀਆਂ ਦੇ ਤਬਾਦਲੇ ਜਾਂ ਤਾਇਨਾਤੀਆਂ ਦੇ ਬਦਲੇ 10 ਕਰੋੜ ਰੁਪਏ ਨਕਦ ਮਿਲੇ ਸਨ। ਭੁਪਿੰਦਰ ਸਿੰਘ (ਹਨੀ) ਨੂੰ 3 ਫਰਵਰੀ ਨੂੰ ਜਲੰਧਰ ਤੋਂ ਈਡੀ ਨੇ ਪੰਜਾਬ ਵਿੱਚ ਰੇਤ ਦੀ ਖੁਦਾਈ ਦੇ ਕਥਿਤ ਸੰਚਾਲਨ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਹਿਰਾਸਤ ਵਿੱਚ ਲਿਆ ਸੀ। ਹਨੀ CM ਚੰਨੀ ਦੀ ਸਾਲੀ ਦਾ ਬੇਟਾ ਹੈ।