Udaan News24

Latest Online Breaking News

ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜਿਹੜੀ ਦੇਸ਼ ਦੀ ਸੁਰੱਖਿਆ ਲਈ ਕੰਮ ਕਰੇਗੀ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਹੀ ਕਰ ਸਕਦੀ ਹੈ-ਮੋਦੀ

ਚੰਡੀਗੜ੍ਹ: 15 ਫਰਵਰੀ  2022- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜਿਹੜੀ ਦੇਸ਼ ਦੀ ਸੁਰੱਖਿਆ ਲਈ ਕੰਮ ਕਰੇਗੀ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਹੀ ਕਰ ਸਕਦੀ ਹੈ। ਇੱਥੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਦੀ ਸੇਵਾ ਉਹੀ ਸਰਕਾਰ ਕਰ ਸਕਦੀ ਹੈ, ਜੋ ਪੱਖਪਾਤੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਕੰਮ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹੁਣ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ, ਜਿਹੜੀ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਨੂੰ ਸਮੱਸਿਆਵਾਂ ਤੋਂ ਬਾਹਰ ਕੱਢਣ ਦੇ ਨਾਲ-ਨਾਲ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਏਗੀ। ਉਨ੍ਹਾਂ ਨੂੰ ਸੁਣਨ ਲਈ ਇੱਥੇ ਆਏ ਹਜ਼ਾਰਾਂ ਲੋਕਾਂ ਨਾਲ ਭਾਵੁਕ ਹੁੰਦਿਆਂ, ਮੋਦੀ ਨੇ ਪੰਜਾਬ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਇੱਕ ਆਮ ਵਰਕਰ ਵਜੋਂ ਕੰਮ ਕਰਦਿਆਂ ਸੂਬੇ ਨੇ ਉਨ੍ਹਾਂ ਨੂੰ ਖੁਆਇਆ ਹੈ ਅਤੇ ਉਹ ਇਸ ਲਈ ਉਨ੍ਹਾਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ।  ਉਨ੍ਹਾਂ ਕਿਹਾ ਕਿ ਉਹ ਉਸ ਕਰਜ਼ੇ ਨੂੰ ਮੋੜਨਾ ਚਾਹੁੰਦੇ ਹਨ ਅਤੇ ਪੰਜਾਬ ਲਈ ਜਿੰਨਾ ਜ਼ਿਆਦਾ ਕੰਮ ਕਰਨਗੇ, ਓਨਾ ਹੀ ਹੋਰ ਕਰਨਾ ਚਾਹੁਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਤਾਂ ਹੀ ਬਣ ਸਕਦਾ ਹੈ, ਜਦੋਂ ਨਵਾਂ ਪੰਜਾਬ ਬਣੇਗਾ।  ਉਨ੍ਹਾਂ ਪੰਜਾਬ ਲਈ ਆਪਣਾ ਸੁਪਨਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਹ ਪੰਜਾਬ ਹੋਵੇਗਾ, ਜੋ ਆਪਣੇ ਇਤਿਹਾਸ ਅਤੇ ਰਵਾਇਤ ਨੂੰ ਬਰਕਰਾਰ ਰੱਖੇਗਾ, ਜੋ ਨਸ਼ਿਆਂ ਅਤੇ ਮਾਫੀਆ ਤੋਂ ਮੁਕਤ ਹੋਵੇਗਾ, ਜੋ ਹਰ ਕਿਸੇ ਦੀ ਤਰੱਕੀ ਲਈ ਕੰਮ ਕਰੇਗਾ, ਜੋ ਕਰਜ਼ੇ ਤੋਂ ਮੁਕਤ ਹੋਵੇਗਾ, ਸਾਰਿਆਂ ਲਈ ਭਰਪੂਰ ਮੌਕੇ ਹੋਣਗੇ ਅਤੇ ਉੱਥੇ ਹਰ ਦਲਿਤ ਅਤੇ ਪਛੜੇ ਨੂੰ ਪੂਰਾ ਸਨਮਾਨ ਅਤੇ ਬਰਾਬਰ ਮੌਕੇ ਮਿਲਣਗੇ।

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਨੂੰ 5 ਸਾਲ ਦਾ ਸਮਾਂ ਦੇਣ ਦੀ ਜਜ਼ਬਾਤੀ ਅਪੀਲ ਕਰਦਿਆਂ ਕਿਹਾ ਕਿ ਇਹ ਸੱਤਾ ਦਾ ਸਵਾਲ ਨਹੀਂ ਹੈ।  ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਮੈਨੂੰ ਪਹਿਲਾਂ ਹੀ ਦੂਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੈ ਅਤੇ ਉਹ ਇੱਥੇ ਨਿੱਜੀ ਲਾਭ ਲਈ ਨਹੀਂ ਆਏ ਹਨ।  ਸਗੋਂ ਉਹ ਤੁਹਾਡੀ ਸੇਵਾ ਕਰਨ ਅਤੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਆਏ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਗਠਜੋੜ ਦੇ ਹੱਕਾਂ ਤੋਂ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ।  ਉਨ੍ਹਾਂ ਜ਼ਿਕਰ ਕੀਤਾ ਕਿ 2007 ਵਿੱਚ ਅਕਾਲੀ ਦਲ ਕੋਲ ਬਹੁਮਤ ਤੋਂ ਘੱਟ ਸੀਟਾਂ ਸਨ ਅਤੇ ਭਾਜਪਾ ਦੀ ਹਮਾਇਤ ਤੋਂ ਬਿਨਾਂ ਸਰਕਾਰ ਬਣਾਉਣਾ ਮੁਸ਼ਕਲ ਸੀ।  ਉਨ੍ਹਾਂ ਕਿਹਾ ਕਿ ਗਠਜੋੜ ਦੇ ਨਿਯਮ ਇਹ ਮੰਗ ਕਰਦੇ ਸਨ ਕਿ ਭਾਜਪਾ ਕੋਲ ਉਪ ਮੁੱਖ ਮੰਤਰੀ ਦਾ ਅਹੁਦਾ ਹੋਣਾ ਚਾਹੀਦਾ ਹੈ, ਪਰ ਬਾਦਲ ਸਾਹਬ (ਪ੍ਰਕਾਸ਼ ਸਿੰਘ ਬਾਦਲ) ਨੇ ਇਸ ਦੇ ਉਲਟ ਉਨ੍ਹਾਂ ਦੇ ਪੁੱਤਰ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਅਤੇ ਭਾਜਪਾ ਨੇ ਪੰਜਾਬ ਦੇ ਹਿੱਤ ਵਿੱਚ ਇਸਨੂੰ ਸਵੀਕਾਰ ਕਰ ਲਿਆ।

ਕਾਂਗਰਸ ਪਾਰਟੀ ‘ਤੇ ਚੁਟਕੀ ਲੈਂਦਿਆਂ, ਮੋਦੀ ਨੇ ਕਿਹਾ ਕਿ ਇਸ ਦੇ ਨੇਤਾਵਾਂ ਨੇ ਖੁਦ ਮੰਨਿਆ ਹੈ ਕਿ ਉਹ ਸੂਬਾ ਸਰਕਾਰਾਂ ਨੂੰ ਰਿਮੋਟ ਕੰਟਰੋਲ ਨਾਲ ਚਲਾਉਂਦੇ ਹਨ।  ਪ੍ਰਿਅੰਕਾ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਅਤੇ ਉਲਟਾ ਕੇਂਦਰ ਨਾਲ ਮਿਲ ਕੇ ਕੰਮ ਕਰਦੇ ਹਨ।  ਇਸ ਤੋਂ ਸਪੱਸ਼ਟ ਹੈ ਕਿ ਉਹ ਸੂਬਾ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦੇ ਸਨ।  ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੇ ਸੰਘਵਾਦ ਦੀ ਸੱਚੀ ਭਾਵਨਾ ਨਾਲ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕੀਤਾ, ਪਰ ਜਦੋਂ ਉਨ੍ਹਾਂ ਨੇ ਪਰਿਵਾਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਅਤੇ ਪੰਜਾਬੀਆਂ ਨਾਲ ਪੁਰਾਣੀ ਦੁਸ਼ਮਣੀ ਹੈ ਅਤੇ ਉਹ ਪੰਜਾਬ ਨੂੰ ਕਦੇ ਵੀ ਤਰੱਕੀ ਨਹੀਂ ਕਰਨ ਦੇਵੇਗੀ।  ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਮੰਤਰੀ ਅਹੁਦੇ ਦਿੱਤੇ ਅਤੇ ਭਾਜਪਾ ਸਰਕਾਰ ਨੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਭੇਜਣਾ ਯਕੀਨੀ ਬਣਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਘੋਸ਼ਿਤ ਕੀਤਾ ਹੈ, ਜੋ ਹਰ ਸਾਲ ਦੇਸ਼ ਭਰ ਵਿੱਚ ਮਨਾਇਆ ਜਾਵੇਗਾ।  ਉਨ੍ਹਾਂ ਵਾਅਦਾ ਕੀਤਾ ਕਿ ਐਨਡੀਏ ਸਰਕਾਰ ਕਿਸਾਨਾਂ, ਖਾਸ ਕਰਕੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੰਮ ਕਰੇਗੀ। ਉਨ੍ਹਾਂ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਕਈ ਕਦਮਾਂ ਦਾ ਜ਼ਿਕਰ ਕੀਤਾ।  ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਦੇ 23 ਲੱਖ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਨਿਯਮਤ ਤੌਰ ‘ਤੇ ਸਹਾਇਤਾ ਮਿਲ ਰਹੀ ਹੈ।

ਉਨ੍ਹਾਂ ਆਮ ਆਦਮੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਚੰਗੇ ਪ੍ਰਸ਼ਾਸਨ ਦੇ ਤਜ਼ਰਬੇ ਤੋਂ ਬਿਨਾਂ ਕੁਝ ਲੋਕ ਪੰਜਾਬ ਵਿੱਚ ਵੱਡੇ-ਵੱਡੇ ਅਤੇ ਬੇਬੁਨਿਆਦ ਦਾਅਵੇ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਭਾਜਪਾ ਕੇਂਦਰ ਅਤੇ ਵੱਖ-ਵੱਖ ਸੂਬਿਆਂ ਦੇ ਆਪਣੇ ਪੁਰਾਣੇ ਕੰਮਾਂ ਅਤੇ ਤਜ਼ਰਬੇ ਦੇ ਆਧਾਰ ‘ਤੇ ਵੋਟਾਂ ਮੰਗ ਰਹੀ ਹੈ, ਜਦਕਿ ਇਨ੍ਹਾਂ ਲੋਕਾਂ ਕੋਲ ਦਿੱਲੀ ‘ਚ ਵੱਡੇ ਪੱਧਰ ‘ਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਇਲਾਵਾ ਹੋਰ ਕੋਈ ਤਜਰਬਾ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਉਹ ਸ਼੍ਰੀ ਦੇਵੀ ਤਾਲਾਬ ਮੰਦਿਰ ਵਿੱਚ ਆਪਣਾ ਸੀਸ ਨਹੀਂ ਝੁਕਾ ਸਕੇ, ਕਿਉਂਕਿ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਉਨ੍ਹਾਂ ਦੀ ਯਾਤਰਾ ਦਾ ਪ੍ਰਬੰਧ ਕਰਨ ਚ ਕਾਬਿਲ ਨਾ ਹੋਣ ਦੀ ਗੱਲ ਕਹੀ ਸੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ-ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਸਥਾਨਕ ਆਗੂ ਅਤੇ ਗਠਜੋੜ ਦੇ ਉਮੀਦਵਾਰ ਵੀ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!