ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਵਾਲੇ ਰਸਤੇ ‘ਤੇ ਲੈ ਕੇ ਜਾਣ ਵਾਲੀ ਸਰਕਾਰ ਦੀ ਲੋੜ ਹੈ ਅਤੇ ਪੰਜਾਬ ਨੂੰ ਇਹ ਖੁਸ਼ਹਾਲੀ ਭਾਜਪਾ ਦੇ ਰਾਜ ਵਿੱਚ ਹੀ ਮਿਲ ਸਕਦੀ ਹੈ-ਪੀ ਐਮ ਮੋਦੀ

ਪੀ ਮੋਦੀ ਅੱਜ ਲਗਾਤਾਰ ਦੂਜੇ ਦਿਨ ਪੰਜਾਬ ਦੇ ਦੌਰੇ ਉਤੇ ਹਨ। ਪੀਐਮ ਮੋਦੀ ਨੇ ਅਬੋਹਰ ਦੀ ਨਵੀਂ ਅਨਾਜ ਮੰਡੀ ਵਿਖੇ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਵਾਲੇ ਰਸਤੇ ‘ਤੇ ਲੈ ਕੇ ਜਾਣ ਵਾਲੀ ਸਰਕਾਰ ਦੀ ਲੋੜ ਹੈ ਅਤੇ ਪੰਜਾਬ ਨੂੰ ਇਹ ਖੁਸ਼ਹਾਲੀ ਭਾਜਪਾ ਦੇ ਰਾਜ ਵਿੱਚ ਹੀ ਮਿਲ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੂਰਾ ਪੰਜਾਬ ਡਬਲ ਇੰਜਣ ਵਾਲੀ ਸਰਕਾਰ ਚਾਹੁੰਦਾ ਹੈ। ਜੇ ਪੰਜਾਬ ਵਿੱਚ ਡਬਲ ਇੰਜਣ ਵਾਲੀ ਭਾਜਪਾ ਦੀ ਸਰਕਾਰ ਆਈ ਤਾਂ ਸੂਬੇ ਵਿੱਚੋਂ ਮਾਫੀਆ ਰਾਜ ਦੀ ਪੱਕੀ ਵਿਦਾਇਗੀ ਹੋਵੇਗੀ। ਹੁਣ ਪੰਜਾਬ ਨੂੰ ਨਵੇਂ ਵਿਜ਼ਨ ਵਾਲੀ ਸਰਕਾਰ ਦੀ ਲੋੜ ਹੈ। ਪੀਐੱਮ ਮੋਦੀ ਨੇ ਕਾਂਗਰਸ ਉਤੇ ਸ਼ਬਦੀ ਵਾਰ ਕਰਦਿਆਂ ਆਖਿਆ ਕਿ ਦੇਸ਼ ਦੇ ਕਈ ਅਜਿਹੇ ਸੂਬੇ ਹਨ ਜਿੱਥੇ ਕਾਂਗਰਸ ਇੱਕ ਵਾਰ ਗਈ, ਪਰ ਵਾਪਸ ਨਹੀਂ ਆਈ ਅਤੇ ਜਿੱਥੇ ਭਾਜਪਾ ਨੂੰ ਆਸ਼ੀਰਵਾਦ ਮਿਲਿਆ, ਉੱਥੇ ਕਾਂਗਰਸ ਦਾ ਸਫਾਇਆ ਹੋ ਗਿਆ। ਇਸ ਦਹਾਕੇ ਵਿੱਚ ਪੰਜਾਬ ਦਾ ਤੇਜ਼ੀ ਨਾਲ ਵਿਕਾਸ ਹੀ ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਪੰਜਾਬ ਵਿੱਚ ਇਹ ਮੇਰੀ ਆਖਰੀ ਮੁਲਾਕਾਤ ਹੈ। ਮੈਂ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਗਿਆ ਹਾਂ। ਅੱਜ ਪੂਰੇ ਪੰਜਾਬ ਵਿੱਚ ਇੱਕ ਹੀ ਭਾਜਪਾ ਦੀ ਜਿੱਤ ਦੇ ਹੱਕ ਵਿੱਚ ਆਵਾਜ਼ ਆ ਰਹੀ ਹੈ।