ਪਿੰਡ ਨਡਾਲਾ ਵਿਆਹ ਸਮਾਗਮ ਪਹੁੰਚੇ ਦੋ ਪਰਿਵਾਰਾਂ ਚ ਹੋਇਆ ਤਕਰਾਰ, ਇਕ ਦੀ ਮੌਤ, ਦੋ ਜ਼ਖਮੀ

17 ਫਰਵਰੀ 2022 – ਜ਼ਿਲ੍ਹਾ ਕਪੂਰਥਲਾ ਚ ਪੈਂਦੇ ਪਿੰਡ ਨਡਾਲਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਇਕ ਪੈਲੇਸ ‘ਚ ਵਿਆਹ ਸਮਾਗਮ ਵਿੱਚ ਪਹੁੰਚੇ ਇੱਕੋ ਪਿੰਡ ਦੇ ਦੋ ਪਰਿਵਾਰਾ ਦੇ ਨੌਜਵਾਨਾਂ ਦਾ ਮਾਮੂਲੀ ਤਕਰਾਰ ‘ਚ ਇੱਕ ਨੌਜਵਾਨ ਦਾ ਕਤਲ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਿਰਜਾਪੁਰ ਦੇ ਦੋ ਪਰਿਵਾਰ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ। ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਆਪਸੀ ਤਕਰਾਰ ਹੋ ਗਿਆ। ਜਿਸ ਵਿੱਚ ਦੋਵੇਂ ਧਿਰਾਂ ਦੇ ਕੁੱਝ ਲੋਕ ਮਾਮੂਲੀ ਜ਼ਖਮੀ ਹੋ ਗਏ। ਜਿਸ ਤੋ ਬਾਅਦ ਇਕ ਧਿਰ ਦੇ ਨੌਜਵਾਨਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਲਈ ਨਡਾਲਾ ਵਿੱਖੇ ਲਿਜਾਇਆ ਜਾ ਰਿਹਾ ਸੀ ਤਾਂ ਦੂਸਰੀ ਧਿਰ ਦੇ ਲੋਕਾਂ ਵਲੋਂ ਉਹਨਾਂ ਨੂੰ ਰਸਤੇ ਵਿੱਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਦੋ ਜ਼ਖਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ ਐਸ ਪੀ ਭੁਲੱਥ ਅਮਰੀਕ ਸਿੰਘ ਚਾਹਲ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਜਿਹਨਾਂ ਵਲੋਂ ਜਖਮੀਆ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਿਊਟੀ ਡਾਕਟਰ ਵਲੋਂ ਮਨਪ੍ਰੀਤ ਸਿੰਘ ਪੁੱਤਰ ਹਜਾਰਾਂ ਸਿੰਘ ਵਾਸੀ ਮਿਰਜਾ ਪੁਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਜਦੋ ਕਿ ਦੋ ਹੋਰ ਨੌਜਵਾਨ ਹਸਪਤਾਲ ਵਿੱਚ ਜੇਰੇ ਇਲਾਜ ਹਨ। ਥਾਣਾ ਸੁਭਾਨਪੁਰ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਜਿਸ ਦਾ ਪਰਿਵਾਰ ਵਲੋਂ ਸਸਕਾਰ ਕਰ ਦਿੱਤਾ ਗਿਆ ਹੈ । ਡੀ ਐਸ ਪੀ ਭੁਲੱਥ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ 6 ਦੋਸੀਆਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਜਲਦ ਪੁਲਿਸ ਦੀ ਸਕੰਜੇ ਵਿੱਚ ਹੋਣਗੇ ।