ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ 6.00 ਵਜੇ ਬੰਦ ਹੋਵੇਗਾ ਪ੍ਰਚਾਰ

18 ਫਰਵਰੀ, 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ 18 ਫਰਵਰੀ ਨੂੰ ਸ਼ਾਮ 6.00 ਵਜੇ ਪ੍ਰਚਾਰ ਬੰਦ ਹੋ ਜਾਵੇਗਾ। ਵੋਟਾਂ 20 ਫਰਵਰੀ ਨੂੰ ਸਵੇਰੇ 8.00 ਵਜੇ ਤੋਂ ਸ਼ਾਮ 6.00 ਤੱਕ ਪੈਣਗੀਆਂ ਅਤੇ ਚੋਣ ਨਤੀਜੇ 10 ਮਾਰਚ ਨੁੰ ਆਉਣਗੇ।ਪਟਿਆਲਾ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਧਾਰਾ 144 ਤਹਿਤ ਪਾਬੰਦੀਆਂ ਦੇ 17 ਜਨਵਰੀ ਤੋਂ 16 ਮਾਰਚ 2022 ਤੱਕ ਪਹਿਲਾਂ ਲਾਗੂ ਹੁਕਮਾਂ ਦੀ ਲਗਾਤਾਰਤਾ ‘ਚ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਨਵੇ ਹੁਕਮ ਜਾਰੀ ਕੀਤੇ ਹਨ। ਸੰਦੀਪ ਹੰਸ ਨੇ ਇਹ ਹੁਕਮ ਮੁੱਖ ਚੋਣ ਕਮਿਸ਼ਨ, ਭਾਰਤ ਸਰਕਾਰ ਦੇ ਵੱਲੋਂ ਚੋਣਾਂ ਮੌਕੇ ਆਖ਼ਰੀ 72 ਘੰਟਿਆਂ ਬਾਬਤ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਚੋਣਾਂ ਦੀ ਪ੍ਰਕ੍ਰਿਆ ਖ਼ਤਮ ਹੋਣ ਦੇ 48 ਘੰਟਿਆਂ ਅੰਦਰ (18 ਫਰਵਰੀ ਦੀ ਸ਼ਾਮ 6 ਵਜੇ ਤੋਂ ਬਾਅਦ) ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਹੈ। ਜ਼ਿਲ੍ਹਾ ਮੈਜਿਸਰੇਟ ਦੇ ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹੇ ਅੰਦਰ ਇਸ ਦੌਰਾਨ ਕਿਸੇ ਕਿਸਮ ਦੇ ਵਿਖਾਵੇ, ਰੋਸ ਰੈਲੀਆਂ, ਧਰਨੇ, ਰੈਲੀਆਂ ਕਰਨਾਂ, ਮੀਟਿੰਗਾਂ ਕਰਨਾ ਅਤੇ ਨਾਅਰੇ ਲਗਾਉਣ ‘ਤੇ ਪਾਬੰਦੀ ਹੋਵੇਗੀ। ਸੰਦੀਪ ਹੰਸ ਨੇ ਹੁਕਮਾਂ ‘ਚ ਇਹ ਸਪੱਸ਼ਟ ਵੀ ਕੀਤਾ ਹੈ ਕਿ ਇਹ ਹੁਕਮ ਲਾਗੂ ਹੋਣ ਨਾਲ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਅਖੀਰਲੇ 48 ਘੰਟਿਆਂ ਦੌਰਾਨ ਘਰ-ਘਰ ਜਾ ਕੇ ਚੋਣ ਪ੍ਰਚਾਰ ‘ਤੇ ਕੋਈ ਮਨਾਹੀ ਨਹੀਂ ਹੈ। ਇਹ ਹੁਕਮ ਸੁਰੱਖਿਆ ਅਮਲੇ ਜਾਂ ਡਿਊਟੀ ‘ਤੇ ਤਾਇਨਾਤ ਪੁਲਿਸ, ਸਰਕਾਰੀ ਸਮਾਗਮਾਂ ਸਮੇਤ ਵਿਆਹ ਸ਼ਾਦੀਆਂ, ਧਾਰਮਿਕ ਨਗਰ ਕੀਰਤਨਾਂ ਅਤੇ ਮਾਤਮੀ ਸਮਾਰੋਹਾਂ ‘ਤੇ ਲਾਗੂ ਨਹੀਂ ਹੋਵੇਗਾ। ਇਕਤਰਫ਼ਾ ਪਾਸ ਕੀਤੇ ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਹਨ।