ਪੰਜਾਬ ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਜਾਰੀ, ਪਹਿਲਾਂ ਛੇ ਮਹੀਨਿਆਂ ਦੇ ਅੰਦਰ ਕੋਈ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ-ਚੰਨੀ

ਪੰਜਾਬ ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁਫਤ ਆਟਾ-ਦਾਲ ਵੰਡਣ ਨਾਲ ਗਰੀਬੀ ਖਤਮ ਨਹੀਂ ਹੋ ਸਕਦੀ ਹੈ, ਅਸਲੀ ਲੋੜ ਮੁਫਤ ਸਿਖਿਆ ਦੀ ਹੈ। ਚੰਨੀ ਨੇ ਆਖਿਆ ਕਿ ਮੇਰੇ ਪਿਤਾ ਦੀ ਨੀਤੀ ਬੱਚਿਆਂ ਨੂੰ ਪੜ੍ਹਾਉਣ ਦੀ ਸੀ। ਉਨ੍ਹਾਂ ਆਖਿਆ ਕਿ ਐਸਸੀ ਸਕਾਲਰਸ਼ਿਪ ਦੇ ਨਾਲ ਜਨਰਲ ਕੈਟਾਗਿਰੀ ਦੇ ਬੱਚੇ (ਜੋ ਗਰੀਬ ਪਰਿਵਾਰ ਤੋਂ ਹਨ) ਨੂੰ ਵੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਹੋਵੇਗਾ। ਚੰਨੀ ਨੇ ਆਖਿਆ ਕਿ ਜਦੋਂ ਮੈਂ ਪੈਦਾ ਹੋਇਆ ਸੀ, ਉਸ ਵੇਲੇ ਸਾਡੀ ਘਰ ਦੀ ਛੱਤ ਅਤੇ ਜ਼ਮੀਨ ਦੋਵੇਂ ਹੀ ਕੱਚੇ ਸਨ। ਹੁਣ ਪੰਜਾਬ ਵਿੱਚ ਪਹਿਲਾਂ ਛੇ ਮਹੀਨਿਆਂ ਦੇ ਅੰਦਰ ਕੋਈ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਸਾਡੀ ਸਰਕਾਰ ਆਈ ਤਾਂ ਪਹਿਲਾਂ ਕੰਮ ਇੱਕ ਲੱਖ ਨੌਕਰੀ ਮਿਲੇਗੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਕਾਂਗਰਸ ਪਾਰਟੀ ਵੱਲੋਂ 13 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜੀਵ ਸ਼ੁਕਲਾ, ਹਰੀਸ਼ ਚੌਧਰੀ ਅਤੇ ਪਵਨ ਖੇੜਾ ਮੌਜੂਦ ਰਹੇ।