ਯੂਕਰੇਨ ਤੋਂ ਪਰਤ ਰਹੇ ਹਰਿਆਣਾ ਵਾਸੀਆਂ ਲਈ ਅੱਜ ਤੋਂ ਮੁੰਬਈ ਏਅਰਪੋਰਟ ‘ਤੇ ਵੀ ਹੋਵੇਗਾ ਹੈਲਪ ਡੈਸਕ

ਚੰਡੀਗੜ੍ਹ : ਯੂਕਰੇਨ ਤੋਂ ਪਰਤ ਰਹੇ ਵਿਦਿਆਰਥੀਆਂ ਦੀ ਮਦਦ ਲਈ ਹਰਿਆਣਾ ਸਰਕਾਰ ਮੁੰਬਈ ਏਅਰਪੋਰਟ ‘ਤੇ ਵੀ ਹੈਲਪ ਡੈਸਕ ਬਣਾਏਗੀ।ਇਹ ਹੈਲਪ ਡੈਸਕ ਅੱਜ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਹੈਲਪ ਡੈਸਕ ਲਈ ਤਿੰਨ ਪੁਲਿਸ ਮੁਲਾਜ਼ਮ ਤੇ ਇੱਕ ਅਧਿਕਾਰੀ ਨੂੰ ਮੁੰਬਈ ਭੇਜ ਦਿੱਤਾ ਗਿਆ ਹੈ। ਹਰਿਆਣਾ ਦੇ ਜੋ ਵਿਦਿਆਰਥੀ ਮੁੰਬਈ ਪਹੁੰਚਣਗੇ, ਉਨ੍ਹਾਂ ਨੂੰ ਹੈਲਪ ਡੈਸਕ ਦਿੱਲੀ ਪਹੁੰਚਾਉਣ ਦੀ ਵਿਵਸਥਾ ਕਰੇਗੀ। ਵਿਦਿਆਰਥੀਆਂ ਦੀ ਮਦਦ ਲਈ ਦਿੱਲੀ ਏਅਰਪੋਰਟ ‘ਤੇ ਪਹਿਲਾਂ ਹੀ ਹੈਲਪ ਡੈਸਕ ਬਣਾਈ ਜਾ ਚੁੱਕੀ ਹੈ।

ਯੂਕਰੇਨ ਵਿਚ ਫਸੇ ਸੂਬੇ ਦੇ ਲੋਕਾਂ ਤੇ ਵਿਦਿਆਰਥੀਆਂ ਦੀ ਮਦਦ ਲਈ ਸਰਕਾਰ ਨੇ ਰਾਜ ਪੱਧਰ ‘ਤੇ ਸੰਜੇ ਜੂਨ ਨੂੰ ਨੋਡਲ ਅਫਸਰ ਬਣਾਇਆ ਹੈ। ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰ ਨੋਡਲ ਅਫਸਰ ਹੋਣਗੇ। ਡਵੀਜ਼ਨਲ ਕਮਿਸ਼ਨਰ ਦਫ਼ਤਰ, ਫਰੀਦਾਬਾਦ ਵਿੱਚ ਇੱਕ ਰਾਜ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ 24 ਘੰਟੇ ਲਗਾਤਾਰ ਕੰਮ ਕਰੇਗਾ। ਇਸ ਕੰਟਰੋਲ ਰੂਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਲਾਜ਼ਮਾਂ ਦੀਆਂ ਵੱਖ-ਵੱਖ ਸ਼ਿਫਟਾਂ ਵਿੱਚ ਡਿਊਟੀਆਂ ਵੀ ਲਗਾਈਆਂ ਗਈਆਂ ਹਨ।
ਯੂਕਰੇਨ ਵਿਚ ਗਏ ਹਰਿਆਣਾ ਦੇ ਸਾਰੇ ਨਾਗਰਿਕਾਂ ਦੇ ਪਰਿਵਾਰਾਂ ਤੋਂ ਸੂਬਾ ਸਰਕਾਰ ਨੇ ਸੰਪਰਕ ਕੀਤਾ ਹੈ। ਘੱਟ ਤੋਂ ਘੱਟ ਤਹਿਸੀਲਦਾਰ ਪੱਧਰ ਦੇ ਅਧਿਕਾਰੀ ਦੀ ਡਿਊਟੀ ਇਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਲਈ ਲਗਾਈ ਗਈ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਘਰ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦੇਵੇ ਕਿ ਯੂਕਰੇਨ ਵਿਚ ਫਸੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ।