Udaan News24

Latest Online Breaking News

ਕੌਮਾਂਤਰੀ ਔਰਤ ਦਿਹਾੜੇ ਮੌਕੇ ਔਰਤ ਜਥੇਬੰਦੀ ਵੱਲੋਂ ਦਾਣਾ ਮੰਡੀਵਿਖੇ ਔਰਤ ਦਿਵਸ ਮਨਾਇਆ

ਇਨ੍ਹਾਂ ਦੇ ਮੁਨਾਫ਼ਾਖੋਰ ਕਾਰੋਬਾਰਾਂ ਨੇ ਔਰਤ ਨੂੰ ਬਾਜ਼ਾਰ ਵਿਕਦੀ ਵਸਤੂ ‘ਚ ਤਬਦੀਲ ਕਰ ਦਿੱਤਾ ਹੈ-ਆਗੂ

ਬਠਿੰਡਾ 8 ਮਾਰਚ- ਕੌਮਾਂਤਰੀ ਔਰਤ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਔਰਤ ਜਥੇਬੰਦੀ ਵੱਲੋਂ ਦਾਣਾ ਮੰਡੀ ਬਠਿੰਡਾ ਵਿਖੇ ਔਰਤ ਦਿਵਸ ਮਨਾਇਆ ਗਿਆ । ਇੱਥੇ ਜੁੜੇ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਦੇ ਇਕੱਠ ਨੂੰ ਔਰਤ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ 1910 ਵਿੱਚ ਜਰਮਨੀ ਦੇ ਸ਼ਹਿਰ ਕੋਪਨਹੈਗਨ ਵਿਖੇ ਦੁਨੀਆਂ ਦੀਆਂ ਸੂਝਵਾਨ ਔਰਤਾਂ ਨੇ ਔਰਤ ਮੁਕਤੀ ਲਈ ਕਾਨਫਰੰਸ ਕੀਤੀ ਸੀ ਜਿਸ ਤੋਂ ਬਾਅਦ 8 ਮਾਰਚ ਨੂੰ ਹਰ ਸਾਲ ਕੌਮਾਂਤਰੀ ਪੱਧਰ ਤੇ ਔਰਤ ਦਿਵਸ ਮਨਾਇਆ ਜਾਂਦਾ ਹੈ । ਮੌਜੂਦਾ ਲੁਟੇਰੇ ਪ੍ਰਬੰਧ ਅਧੀਨ ਔਰਤਾਂ ਜਮਾਤੀ ਲੁੱਟ ਤੇ ਸਾਮਰਾਜੀ ਦਾਬੇ ਤੋਂ ਇਲਾਵਾ ਮਰਦਾਨਗੀ ਦਾਬੇ ਦਾ ਸੰਤਾਪ ਹੰਢਾਉਂਦੀਆਂ ਹੋਈਆਂ ਤੀਹਰੀ ਗੁਲਾਮੀਂ ਭੋਗ ਰਹੀਆਂ ਹਨ। ਜਦੋਂ ਕਿ ਫਿਰਕੂ ਤੇ ਜਾਤਪਾਤੀ ਵੰਡੀਆਂ ਵਾਲ਼ੀ ਸਮਾਜਿਕ ਵਿਵਸਥਾ ਕਾਰਨ ਦਲਿਤ ਔਰਤਾਂ ਹੋਰ ਵੀ ਦਾਬੇ ਦਾ ਸ਼ਿਕਾਰ ਬਣੀਆਂ ਹੋਈਆਂ ਹਨ। ਇਹਦੀ ਵਜ੍ਹਾ ਲੋਟੂ ਜਮਾਤਾਂ ਦੇ ਚੌਧਰ ਦਾਬੇ ਦੇ ਨਾਲ-ਨਾਲ ਪਿਤਰੀ ਮਰਦਾਵੇਂ ਦਾਬਾ,ਧਾਰਮਿਕ ਕੱਟੜਤਾ ਦਾ ਦਾਬਾ ਤੇ ਅਖੌਤੀ ਉੱਚ-ਜਾਤੀ ਦਾਬਾ ਹੈ ਜਿਸ ਕਾਰਨ ਔਰਤ ਨੂੰ ਆਪਣੇ ਪਹਿਰਾਵੇ ਦੀ ਨਿੱਜੀ ਅਜਾਦ ਜ਼ਿੰਦਗੀ ਵੀ ਗ਼ੁਲਾਮੀ ਭਰੀ ਹੈ ।
ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਅੰਦਰ ਹੋਏ ਜਨਤਕ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਦੀਆਂ ਲਾਮਬੰਦੀਆਂ ਨੇ ਔਰਤਾਂ ਦੇ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ। ਇਹਦੇ ਨਾਲ ਔਰਤ ਹੱਕਾਂ ਦੀ ਗੱਲ ਚੱਲਣ ਦਾ ਹਾਂ ਪੱਖੀ ਮਾਹੌਲ ਸਿਰਜਿਆ ਗਿਆ ਹੈ। ਉਹਨਾਂ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਲੜੇ ਗਏ ਇਤਹਾਸਿਕ ਕਿਸਾਨ ਸੰਘਰਸ਼ ਦੌਰਾਨ ਕਿਸਾਨ ਮਜ਼ਦੂਰ ਔਰਤਾਂ ਵੱਲੋਂ ਪਾਏ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਇਸ ਮਿਸਾਲੀ ਸੰਘਰਸ਼ ਸਮੇਤ ਬੀਤੇ ਸਮਿਆਂ ਦੇ ਸੰਘਰਸ਼ਾਂ ਚ ਔਰਤਾਂ ਵੱਲੋਂ ਨਿਭਾਏ ਵਿਲੱਖਣ ਰੋਲ਼ ਸਦਕਾ ਕਿਸਾਨ ਪਰਿਵਾਰਾਂ ‘ਚ ਵੀ ਔਰਤ ਵਿਰੋਧੀ ਜਗੀਰੂ ਰਵਾਇਤਾਂ ਨੂੰ ਖੋਰਾ ਪੈਣ ਲੱਗਾ ਹੈ।
ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ ਨੇ ਕਿਹਾ ਕਿ ਔਰਤ ਦੀ ਮੁਕਤੀ ਤੇ ਸਮਾਜਿਕ ਬਰਾਬਰੀ ਲਈ ਜਮਾਤੀ ਸੰਘਰਸ਼ਾਂ ਰਾਹੀਂ ਹੀ ਅੱਗੇ ਵਧਿਆ ਜਾ ਸਕਦਾ ਹੈ। ਉਹਨਾਂ ਔਰਤਾਂ ਨੂੰ ਆਪਣੀ ਮੁਕਤੀ ਲਈ ਜਮਾਤੀ ਸੰਘਰਸ਼ਾਂ ਅੰਦਰ ਹੋਰ ਵਧੇਰੇ ਧੜੱਲੇ ਨਾਲ ਨਿੱਤਰਣ ਤੇ ਆਗੂ ਸਫ਼ਾਂ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਬੁਲਾਰਿਆਂ ਨੇ ਕਿਹਾ ਕਿ ਅੱਜ ਸਾਮਰਾਜੀ ਲੁਟੇਰੀਆਂ ਤਾਕਤਾਂ ਅੰਦਰ ਮੰਡੀਆਂ ‘ਤੇ ਕਬਜ਼ੇ ਦੀ ਵਧੀ ਹੋਈ ਲਾਲਸਾ ਸਦਕਾ ਰੂਸ ਵੱਲੋਂ ਯੂਕਰੇਨ ਤੇ ਬੋਲੇ ਹਮਲੇ ਦੌਰਾਨ ਔਰਤਾਂ ਅਤੇ ਬੱਚਿਆਂ ਨੂੰ ਅਥਾਹ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮਜਬੂਰੀ ਵੱਸ ਵਿਦੇਸ਼ਾਂ ਚ ਕੰਮ ਕਰਨ ਜਾਂ ਪੜ੍ਹਨ ਲਈ ਵਿਦੇਸ਼ ਗਏ ਆਪਣੇ ਤੋਂ ਸੱਤ ਸਮੁੰਦਰੋਂ ਪਾਰ ਬੱਚਿਆਂ ਲਈ ਹਰ ਵੇਲੇ ਤੇ ਖ਼ਾਸ ਕਰਕੇ ਇਸ ਜੰਗ ਵੇਲੇ ਮਾਂਵਾਂ ਦਾ ਦਿਲ ਧੜਕ ਰਿਹਾ ਹੈ । ਉਹਨਾਂ ਮੰਗ ਕੀਤੀ ਕਿ ਰੂਸੀ ਤੇ ਯੂਕਰੇਨੀ ਹਾਕਮਾਂ ਦੇ ਲੁਟੇਰੇ ਹਿੱਤਾਂ ਦੇ ਭੇੜ ਕਾਰਨ ਭੜਕਾਈ ਜੰਗ ਤੁਰੰਤ ਬੰਦ ਕੀਤੀ ਜਾਵੇ।
ਔਰਤ ਆਗੂਆਂ ਕਿਹਾ ਕਿ ਜਿਨ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਜਗਤ ਖ਼ਿਲਾਫ਼ ਕਿਸਾਨਾਂ ਸਮੇਤ ਸਮੂਹ ਕਿਰਤੀ ਲੋਕਾਂ ਦਾ ਮੱਥਾ ਲੱਗਿਆ ਹੋਇਆ ਹੈ ਉਨ੍ਹਾਂ ਲੁਟੇਰਿਆਂ ਦਾ ਔਰਤਾਂ ਨਾਲ ਵੀ ਦੁਸ਼ਮਣੀ ਭਰਿਆ ਰਿਸ਼ਤਾ ਹੈ। ਇਹ ਸਾਮਰਾਜੀ ਕੰਪਨੀਆਂ ਇਕ ਹੱਥ ਔਰਤਾਂ ਦੀ ਦਾਬੇ ਵਾਲੀ ਹਾਲਤ ਦਾ ਲਾਹਾ ਲੈਂਦਿਆਂ ਉਨ੍ਹਾਂ ਦੀ ਕਿਰਤ ਲੁੱਟਦੀਆਂ ਹਨ ਤੇ ਨਾਲ ਹੀ ਆਪਣਾ ਮਾਲ ਵੇਚਣ ਦੀਆਂ ਮਸ਼ਹੂਰੀਆਂ ਵਿੱਚ ਔਰਤਾਂ ਨੂੰ ਇੱਕ ਵਸਤੂ ਵਜੋਂ ਪੇਸ਼ ਕਰਦੀਆਂ ਹਨ। ਇਨ੍ਹਾਂ ਦੇ ਮੁਨਾਫ਼ਾਖੋਰ ਕਾਰੋਬਾਰਾਂ ਨੇ ਔਰਤ ਨੂੰ ਬਾਜ਼ਾਰ ਵਿਕਦੀ ਵਸਤੂ ‘ਚ ਤਬਦੀਲ ਕਰ ਦਿੱਤਾ ਹੈ। ਇਸ ਲਈ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਔਰਤ ਹੱਕਾਂ ਦੇ ਸੰਘਰਸ਼ ਦਾ ਜੁੜਵਾਂ ਹਿੱਸਾ ਹੈ। ਉਨ੍ਹਾਂ ਕਿਹਾ ਕਿ ਔਰਤ ਹੱਕਾਂ ਦੀ ਲਹਿਰ ਸਾਡੇ ਦੇਸ਼ ਦੀ ਸਾਮਰਾਜ ਤੋਂ ਮੁਕਤੀ ਦੀ ਲਹਿਰ ਦਾ ਅਹਿਮ ਅੰਗ ਬਣਦੀ ਹੈ ਤੇ ਨਾਲ ਹੀ ਜਗੀਰੂ ਲੁੱਟ ਖਸੁੱਟ ਦੇ ਖ਼ਾਤਮੇ ਲਈ ਲੜੇ ਜਾਣ ਵਾਲੇ ਸੰਘਰਸ਼ ਔਰਤ ਦੀ ਗੁਲਾਮੀ ਦੇ ਸੰਗਲ ਤੋੜਨ ਵਾਲੇ ਸੰਘਰਸ਼ ਬਣਦੇ ਹਨ। ਇਉਂ ਔਰਤ ਹੱਕਾਂ ਦੀ ਲਹਿਰ ,ਕਿਸਾਨ ਮਜ਼ਦੂਰ ਤੇ ਲੋਕ ਹੱਕਾਂ ਦੀ ਲਹਿਰ ਦਾ ਜੁੜਵਾਂ ਹਿੱਸਾ ਹੈ।
ਪਰਮਜੀਤ ਕੌਰ ਜੋਧਪੁਰ ਨੇ ਕਿਹਾ ਕਿ ਸਮੱਗਲਰਾਂ ਨੂੰ ਪੁਲੀਸ – ਸਿਆਸੀ ਸ਼ਹਿ ਹੋਣ ਕਾਰਨ ਪਿੰਡਾਂ ਵਿੱਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ ਜਿਸ ਦੀ ਵਰਤੋਂ ਕਾਰਨ ਰੋਜ਼ਾਨਾ ਇਹ ਅਨੇਕਾਂ ਮਾਵਾਂ ਦੇ ਪੁੱਤ ਅਤੇ ਮੁਟਿਆਰਾਂ ਦੇ ਸੁਹਾਗ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ।ਉਨ੍ਹਾਂ ਔਰਤਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਵਿੱਢ ਕੇ ਸੰਘਰਸ਼ ਕਰਨ ਅਪੀਲ ਕੀਤੀ ।
ਦਾਣਾ ਮੰਡੀ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਤਕ ਮੁਜ਼ਾਹਰਾ ਕਰ ਕੇ ਮੰਗ ਕੀਤੀ ਗਈ ਕਿ ਨਰਮੇ ਦੇ ਖ਼ਰਾਬੇ ਦੇ ਮੁਆਵਜੇ ਤੋਂ ਰਹਿੰਦੇ ਸਾਰੇ ਕਾਸ਼ਤਕਾਰ ਕਿਸਾਨਾਂ ਨੂੰ ਨਰਮੇ ਦੇ ਖਰਾਬੇ ਦਾ ਮੁਆਵਜ਼ਾ ਦਿੱਤਾ ਜਾਵੇ । ਨਰਮੇ ਦੀ ਚੁਗਾਈ ਦੇ ਰੁਜ਼ਗਾਰ ਉਜਾੜੇ ਦਾ ਮੁਆਵਜ਼ਾ ਜੋ ਕਿ ਖਾਸ ਕਰ ਨਰਮਾ ਮਜ਼ਦੂਰ ਔਰਤਾਂ ਹੀ ਚੁਗਦੀਆਂ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੁਰੰਤ ਦਿੱਤਾ ਜਾਵੇ । ਕਿਸਾਨ ਅਤੇ ਮਜ਼ਦੂਰ ਔਰਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਰਮੇ ਦਾ ਮੁਆਵਜ਼ਾ ਕਿਸਾਨਾਂ ਮਜਦੂਰਾਂ ਨੂੰ ਛੇਤੀ ਨਾ ਵੰਡਿਆ ਤਾਂ ਇਸ ਦੇ ਖ਼ਿਲਾਫ਼ ਔਰਤਾਂ ਵਲੋਂ ਸੰਘਰਸ਼ ਵਿੱਢਿਆ ਜਾਵੇਗਾ । ਅੱਜ ਦੇ ਇਕੱਠ ਨੂੰ ਸੁਖਪ੍ਰੀਤ ਕੌਰ ਗਿੱਦੜ, ਬਲਜੀਤ ਕੌਰ ਪਥਰਾਲਾ ਅਤੇ ਸੁਖਜੀਤ ਕੌਰ ਨਥਾਣਾ ਨੇ ਵੀ ਸੰਬੋਧਨ ਕੀਤਾ । ਬੀਰਜੀਤ ਕੌਰ ਨੇ ਗੀਤ ਪੇਸ਼ ਕੀਤੇ।
ਅੱਜ ਦੇ ਸਮਾਗਮ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ, ਜੇਠੂਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ,ਮੋਠੂ ਸਿੰਘ ਕੋਟੜਾ ਤੋਂ ਇਲਾਵਾ ਜ਼ਿਲ੍ਹਾ/ ਬਲਾਕਾਂ ਦੇ ਆਗੂ ਵੀ ਸ਼ਾਮਲ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!