ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਇਹ ਐਲਾਨ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਭਾਜਪਾ ਗਠਜੋੜ ਦੀ ਬੁਰੀ ਤਰ੍ਹਾਂ ਹਾਰ ਪਿਛੋਂ ਲਿਆ ਗਿਆ ਹੈ। ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇੱਕਪਾਸੜ ਜਿੱਤ ਪ੍ਰਾਪਤ ਕਰਦੇ ਹੋਏ 92 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਜਦਕਿ ਅਕਾਲੀ ਦਲ ਸੰਯੁਕਤ ਦੇ ਗਠਜੋੜ ਭਾਈਵਾਲ ਭਾਜਪਾ ਨੂੰ ਸਿਰਫ਼ 2 ਸੀਟਾਂ ‘ਤੇ ਹੀ ਜਿੱਤ ਨਸੀਬ ਹੋਈ ਹੈ। ਸ਼ੁੱਕਰਵਾਰ ਨਿਊਜ਼18 ਨਾਲ ਪੰਜਾਬ ਚੋਣਾਂ ਪਿਛੋਂ ਗੱਲਬਾਤ ਦੌਰਾਨ ਸੁਖਦੇਵ ਢੀਂਡਸਾ ਨੇ ਐਲਾਨ ਕੀਤਾ ਕਿ ਉਹ ਆਪਣੇ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਨੈਤਿਕਤਾ ਦੇ ਆਧਾਰ ‘ਤੇ ਕੌਮੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਗੇ। ਢੀਂਡਸਾ ਨੇ ਕਿਹਾ ਕਿ ਜਦੋਂ ਉਹ ਖੁਦ ਹੋਰਾਂ ਕੋਲੋਂ ਅਸਤੀਫਾ ਮੰਗ ਸਕਦੇ ਹਨ ਤਾਂ ਖੁਦ ਅਸਤੀਫਾ ਕਿਉਂ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਜਿਹੜੀ ਚੋਣਾਂ ਵਿੱਚ ਜਿਵੇਂ ਪਾਰਟੀ ਦੀ ਕਾਰਗੁਜਾਰੀ ਰਹੀ ਹੈ, ਉਸ ਪਿਛੋਂ ਉਨ੍ਹਾਂ ਨੇ ਅਸਤੀਫਾ ਦੇਣ ਦਾ ਮਨ ਬਣਾਇਆ ਹੈ।ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਪਾਰਟੀ ਦੇ ਸਾਰੇ ਅਹੁਦੇਦਾਰਾਂ ਦੀ ਇੱਕ ਬੈਠਕ ਸੱਦੀ ਗਈ ਹੈ, ਜਿਸ ਵਿੱਚ ਉਹ ਅਸਤੀਫਾ ਦੇਣਗੇ ਅਤੇ ਚੋਣ ਨਤੀਜਿਆਂ ਬਾਰੇ ਪਾਰਟੀ ਸਮੀਖਿਆ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਸੀ, ਇਸ ਲਈ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਲੋਕ ਫਤਵਾ ਮਿਲਿਆ ਹੈ।ਢੀਂਡਸਾ ਨੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਰਾਰੀ ਹਾਰ ‘ਤੇ ਕਿਹਾ ਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸੁਖਬੀਰ ਬਾਦਲ ਨੂੰ ਹਟਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਅਜੇ ਵੀ ਕੁੱਝ ਜਾਨ ਅਕਾਲੀ ਦਲ ਵਿੱਚ ਬਾਕੀ ਹੈ, ਪਰ ਸੁਖਬੀਰ ਬਾਦਲ ਜੇਕਰ ਅਗਵਾਈ ਕਰਦੇ ਰਹੇ ਤਾਂ ਅਕਾਲੀ ਦਲ ਬਿਲਕੁਲ ਖ਼ਤਮ ਹੋ ਜਾਵੇਗਾ। ਸੁਖਦੇਵ ਢੀਂਡਸਾ ਨੇ ਕਿਹਾ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਹੀ ਨਹੀਂ ਲੜਨੀ ਚਾਹੀਦੀ ਸੀ ਭਾਵੇਂ ਕਿ ਪਰਿਵਾਰ ਦਾ ਦਬਾਅ ਸੀ ਫਿਰ ਵੀ ਚੋਣ ਨਹੀਂ ਲੜਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ 94 ਸਾਲ ਦੀ ਉਮਰ ਵਿੱਚ ਹਾਰ ਕੇ ਹੁਣ ਉਹ ਜਾ ਰਹੇ ਹਨ, ਇਹ ਠੀਕ ਨਹੀਂ ਹੋਇਆ।